ਜੀਜਾ-ਸਾਲਾ ਦੋਵੇਂ ਪਾਗਲ-ਦਾਦੂਵਾਲ

ਜੀਜਾ-ਸਾਲਾ ਦੋਵੇਂ ਪਾਗਲ-ਦਾਦੂਵਾਲ

ਖੰਨਾ : ਸੰਤ ਬਲਜੀਤ ਸਿੰਘ ਦਾਦੋਵਾਲ ਨੇ ਮਜੀਠੀਆ ਦੇ ਟਵੀਟ ‘ਤੇ ਆਪਣੀ ਸਫਾਈ ਦਿੱਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨਿਵਾਸ ‘ਚ ਮੀਟਿੰਗ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਉਹ ਕਿਸੇ ਵੀ ਮੰਤਰੀ ਨੂੰ ਨਹੀਂ ਮਿਲੇ। ਮਜੀਠੀਆ ਨੇ ਇਲਜ਼ਾਮ ਲਾਇਆ ਸੀ ਕਿ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ‘ਚ ਪੇਸ਼ ਹੋਣ ਤੋਂ ਇੱਕ ਰਾਤ ਪਹਿਲਾਂ ਮੁੱਖ ਮੰਤਰੀ ਨਿਵਾਸ ‘ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੰਤ ਬਲਜੀਤ ਸਿੰਘ ਦਾਦੂਵਾਲ ਦਰਮਿਆਨ ਬੈਠਕ ਹੋਈ ਹੈ। ਇਸ ‘ਤੇ ਦਾਦੂਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਨਹੀਂ ਮਿਲੇ, ਬੇਸ਼ੱਕ ਉਨ੍ਹਾਂ ਦੀ ਲੋਕੇਸ਼ਨ ਦੀ ਜਾਂਚ ਕਰਵਾ ਲਈ ਜਾਵੇ। ਦਾਦੂਵਾਲ ਨੇ ਕਿਹਾ ਕਿ ਸੁਖਬੀਰ ਤੇ ਮਜੀਠੀਆ ਦੋਵੇਂ ਜੀਜਾ-ਸਾਲਾ ਪਾਗਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਦੇ ਉਹ ਉਨ੍ਹਾਂ ‘ਤੇ ਜੀ.ਕੇ. ਉਪਰ ਹਮਲਾ ਕਰਵਾਉਣ ਦਾ ਇਲਜ਼ਾਮ ਲਾ ਰਹੇ ਹਨ ਤੇ ਉੱਧਰ ਇਨ੍ਹਾਂ ਦੇ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਬਿਆਨ ਦੇ ਰਹੇ ਹਨ ਕਿ ਮਨਜੀਤ ਸਿੰਘ ਜੀ.ਕੇ. ‘ਤੇ ਜਗਦੀਸ ਟਇਟਲਰ ਨੇ ਹਮਲਾ ਕਰਵਾਇਆ ਹੈ। ਦਾਦੂਵਾਲ ਨੇ ਸਾਫ ਕੀਤਾ ਕਿ ਬੀਤੀ 6 ਜੂਨ ਨੂੰ ਬਰਗਾੜੀ ਕਾਂਡ ‘ਤੇ ਪੂਰੇ ਵਫ਼ਦ ਨਾਲ ਪੰਜਾਬ ਭਵਨ ‘ਚ ਮੀਟਿੰਗ ਹੋਈ ਸੀ। ਉਨ੍ਹਾਂ ਕਿਹਾ ਕਿ ਮਜੀਠੀਆ ਨੇ ਗਲਤ ਟਵੀਟ ਕੀਤਾ ਹੈ, ਜਿਸ ਲਈ ਉਸ ਨੂੰ ਦਰਬਾਰ ਸਾਹਿਬ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ। ਮਜੀਠੀਆ ਵਲੋਂ ਉਨ੍ਹਾਂ ਦੀ ਗੱਡੀ ਦਾ ਨੰਬਰ ਦੱਸੇ ਜਾਣ ‘ਤੇ ਦਾਦੂਵਾਲ ਨੇ ਕਿਹਾ ਕਿ ਮੇਰੀ ਗੱਡੀ ਵਰਗੀਆਂ 100 ਗੱਡੀਆਂ ਉੱਥੇ ਫਿਰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਕੋਲੋਂ ਮੈਨੂੰ ਮਾਰਨ ਲਈ ਹਥਿਆਰ ਮੁਹੱਈਆ ਕਰਵਾਏ ਸੀ ਤੇ ਹੁਣ ਇਹ ਮੇਰੇ ਪਿੱਛੇ ਪਏ ਹੋਏ ਹਨ।

You must be logged in to post a comment Login