ਜੇਲ੍ਹ ’ਚੋਂ ਗਰੋਹ ਚਲਦੇ ਨੇ, ਸਰਕਾਰਾਂ ਨਹੀਂ: ਤਿਵਾੜੀ

ਜੇਲ੍ਹ ’ਚੋਂ ਗਰੋਹ ਚਲਦੇ ਨੇ, ਸਰਕਾਰਾਂ ਨਹੀਂ: ਤਿਵਾੜੀ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਈਡੀ ਦੀ ਹਿਰਾਸਤ ’ਚੋਂ ਸਰਕਾਰ ਚਲਾਉਣ ਦੇ ਫ਼ੈਸਲੇ ’ਤੇ ਤਿੱਖਾ ਹਮਲਾ ਕਰਦਿਆਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਜੇਲ੍ਹ ’ਚੋਂ ਗਰੋਹ ਚਲਦੇ ਹਨ ਨਾ ਕਿ ਸਰਕਾਰਾਂ। ਉਨ੍ਹਾਂ ਆਬਕਾਰੀ ਨੀਤੀ ਕੇਸ ਦੇ ਸਬੰਧ ’ਚ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਤਨਜ਼ ਕਸਦਿਆਂ ਕਿਹਾ ਕਿ ਇਸ ਕਹਾਣੀ ਨੂੰ ‘ਏਕ ਸਫ਼ਰ ਸਵਰਾਜ ਸੇ ਸ਼ਰਾਬ ਤੱਕ’ ਦਾ ਨਾਮ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਸਿਰਫ਼ ਇਹ ਫਿਕਰ ਹੈ ਕਿ ਉਹ ਕਿਵੇਂ ਛੇਤੀ ਤੋਂ ਛੇਤੀ ਆਪਣੇ ‘ਰਾਜਮਹਿਲ’ ’ਚ ਪਰਤ ਸਕਦਾ ਹੈ। ਤਿਵਾੜੀ ਨੇ ਕਿਹਾ, ‘‘ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ’ਚ ਇਕ ਅਪਰਾਧੀ ਹੈ ਅਤੇ ਉਸ ਦਾ ਹਵਾਲਾ ਦੇ ਕੇ ਅੱਜ ਇਕ ਕਹਾਣੀ ਲਿਖੀ ਗਈ ਕਿ ਦਿੱਲੀ ’ਚ ਪਾਣੀ ਅਤੇ ਸੀਵਰੇਜ ਸਬੰਧੀ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਨਿਰਦੇਸ਼ ਉਦੋਂ ਆਇਆ ਹੈ ਜਦੋਂ ਦਿੱਲੀ ਵਿੱਚ ਕੋਈ ਵੀ ਉਨ੍ਹਾਂ ਦੇ ਸਮਰਥਨ ਵਿੱਚ ਨਹੀਂ ਆਇਆ। ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਜਨਤਾ ਨੇ ਕੋਈ ਦੁੱਖ ਪ੍ਰਗਟ ਨਹੀਂ ਕੀਤਾ ਹੈ ਸਗੋਂ ਉਹ ਜਸ਼ਨ ਮਨਾ ਰਹੇ ਹਨ, ਮਠਿਆਈਆਂ ਵੰਡ ਰਹੇ ਹਨ ਅਤੇ ਪਟਾਕੇ ਚਲਾ ਰਹੇ ਹਨ ਕਿ ਜਿਸ ਆਦਮ ਨੇ ਦਿੱਲੀ ਨੂੰ ਰੁਆਇਆ ਹੈ, ਉਹ ਹੁਣ ਸਲਾਖਾਂ ਪਿੱਛੇ ਹੈ।’’ ਉਧਰ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਕੇਜਰੀਵਾਲ ਸਾਰੀ ਨੈਤਿਕਤਾ ਗੁਆ ਚੁੱਕਿਆ ਹੈ।

You must be logged in to post a comment Login