ਜੇਲ੍ਹ ਮੰਤਰੀ ਨੇ ਸੁਖਬੀਰ ਬਾਦਲ ਨੂੰ ਚਿੱਠੀ ਲਿਖ ਕੇ ਵੰਗਾਰਿਆ

ਜੇਲ੍ਹ ਮੰਤਰੀ ਨੇ ਸੁਖਬੀਰ ਬਾਦਲ ਨੂੰ ਚਿੱਠੀ ਲਿਖ ਕੇ ਵੰਗਾਰਿਆ

ਚੰਡੀਗੜ੍ਹ: ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਕੈਦੀਆਂ ਵਲੋਂ ਕੀਤੀ ਹਿੰਸਾ ਉਪਰ ਟਿੱਪਣੀਆਂ ਕਰ ਕੇ ਸਿਆਸੀ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਵੰਗਾਰਦਿਆਂ ਕਿਹਾ ਹੈ ਕਿ ਜੇਕਰ ਸਾਬਕਾ ਗ੍ਰਹਿ ਮੰਤਰੀ ਨੂੰ ਜੇਲ੍ਹ ਮੈਨੂਅਲ ਬਾਰੇ ਪਤਾ ਹੁੰਦਾ ਤਾਂ ਉਹ ਉਨ੍ਹਾਂ ਦਾ ਅਸਤੀਫ਼ਾ ਮੰਗ ਕੇ ਅਪਣੇ ਬੌਧਿਕ ਹਲਕੇਪਣ ਦਾ ਪ੍ਰਗਟਾਵਾ ਨਾ ਕਰਦੇ।
ਰੰਧਾਵਾ ਨੇ ਸਾਬਕਾ ਉਪ ਮੁੱਖ ਮੰਤਰੀ ਨੂੰ ਚਿੱਠੀ ਲਿਖਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਅਪਣੇ ਕਾਰਜਕਾਲ ਦੌਰਾਨ ਜੇਲ੍ਹ ਮੈਨੂਅਲ ਨਹੀਂ ਪੜ੍ਹੇ ਤਾਂ ਉਹ ਹੁਣ ਜੇਲ੍ਹ ਮੈਨੂਅਲ ਦੀ ਧਾਰਾ 363 ਤੋਂ 367 ਪੜ੍ਹ ਲੈਣ (ਜਿਸ ਨੂੰ ਪੱਤਰ ਨਾਲ ਨੱਥੀ ਕੀਤਾ ਹੈ) ਜਿਸ ਵਿਚ ਸਪੱਸ਼ਟ ਲਿਖਿਆ ਹੈ ਕਿ ਜੇਲ੍ਹ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਨਜਿੱਠਣ ਲਈ ਹਥਿਆਰ ਚਲਾਉਣ ਦੇ ਜੇਲ੍ਹ ਅਧਿਕਾਰੀਆਂ ਨੂੰ ਪੂਰਨ ਅਧਿਕਾਰ ਹੁੰਦੇ ਹਨ।
ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਲੁਧਿਆਣਾ ਵਿਚ ਕੈਦੀਆਂ ਵਲੋਂ ਕੀਤੀ ਹਿੰਸਾ ਉਪਰੰਤ ਕੀਤੀ ਗੋਲਾਬਾਰੀ ਦੀ ਤੁਲਨਾ ਬਹਿਬਲ ਕਲਾਂ ਗੋਲੀ ਕਾਂਡ ਨਾਲ ਕਰ ਕੇ ਸਿੱਖ ਕੌਮ ਦੀ ਤੌਹੀਨ ਕੀਤੀ ਹੈ ਜਿਸ ਲਈ ਉਹ ਸਮੁੱਚੀ ਸਿੱਖ ਕੌਮ ਤੋਂ ਮਾਫ਼ੀ ਮੰਗੇ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਵਿਖੇ ਸ਼ਾਂਤਮਈ ਤਰੀਕੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਫੜਾਉਣ ਦੀ ਮੰਗ ਕਰਦਿਆਂ ਗੁਰਬਾਣੀ ਕੀਰਤਨ ਕਰ ਰਹੇ ਸਿੱਖਾਂ ਦੀ ਤੁਲਨਾ ਕੈਦੀਆਂ ਨਾਲ ਬਿਲਕੁਲ ਨਹੀਂ ਕੀਤੀ ਜਾ ਸਕਦੀ। ਅਕਾਲੀ ਦਲ ਦੇ ਪ੍ਰਧਾਨ ਵਲੋਂ ਅਜਿਹੀ ਕੀਤੀ ਤੁਲਨਾ ਕਿਧਰੇ ਵੀ ਹਜ਼ਮ ਹੋਣ ਵਾਲੀ ਗੱਲ ਨਹੀਂ। ਸੀਨੀਅਰ ਕਾਂਗਰਸੀ ਆਗੂ ਨੇ ਅਕਾਲੀ ਦਲ ਪ੍ਰਧਾਨ ਨੂੰ ਇਹ ਵੀ ਚੇਤੇ ਕਰਵਾਇਆ ਹੈ ਕਿ ਕਿਵੇਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਗੈਂਗਸਟਰ ਜੇਲ੍ਹਾਂ ਵਿਚੋਂ ਭੱਜਦੇ ਰਹੇ। ਉਨ੍ਹਾਂ ਕੁਝ ਪਿਛਲੀਆਂ ਘਟਨਾਵਾਂ ਦੇ ਵੇਰਵੇ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਨਾਭਾ ਜੇਲ੍ਹ ਵਿਚੋਂ ਵਿੱਕੀ ਗੌਂਡਰ ਸਣੇ ਕਈ ਗੈਂਸਸਟਰ ਫ਼ਰਾਰ ਹੋਏ ਸਨ ਜਿਨ੍ਹਾਂ ਨੂੰ ਫੜਨ ਵਿਚ ਸਰਕਾਰ ਨਾਕਾਮ ਰਹੀ। 2015 ਵਿਚ ਬਠਿੰਡਾ ਜੇਲ੍ਹ ਵਿਚ ਗੋਲੀ ਚੱਲਣ ਨਾਲ ਦੋ ਕੈਦੀ ਜ਼ਖ਼ਮੀ ਹੋਏ।

You must be logged in to post a comment Login