ਜੇ ਮੈਂ ਚੋਣ ਹਾਰਿਆ ਤਾਂ ਅਗਲੀ ਵਾਰ ਨਹੀਂ ਖੜ੍ਹਾਂਗਾ: ਡੋਨਲਡ ਟਰੰਪ

ਜੇ ਮੈਂ ਚੋਣ ਹਾਰਿਆ ਤਾਂ ਅਗਲੀ ਵਾਰ ਨਹੀਂ ਖੜ੍ਹਾਂਗਾ: ਡੋਨਲਡ ਟਰੰਪ

ਵਾਸ਼ਿੰਗਟਨ, 25 ਸਤੰਬਰ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਜੇ ਉਹ 2024 ’ਚ ਵ੍ਹਾਈਟ ਹਾਊਸ ਵਿੱਚ ਵਾਪਸੀ ਕਰਨ ’ਚ ਨਾਕਾਮ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ 2028 ’ਚ ਰਾਸ਼ਟਰਪਤੀ ਅਹੁਦੇ ਲਈ ਮੁੜ ਚੋਣ ਲੜਨਗੇ, ਜਦੋਂ ਪੱਤਰਕਾਰਾਂ ਨੇ ਟਰੰਪ ਨੂੰ ਮੁੜ ਰਾਸ਼ਟਰਪਤੀ ਦੀ ਚੋਣ ਲੜਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘ਨਹੀਂ, ਮੈਨੂੰ ਨਹੀਂ ਲੱਗਦਾ ਕਿ ਮੈਂ ਅਗਲੀ ਚੋਣ ਲੜਾਂਗਾ ਪਰ ਮੈਨੂੰ ਉਮੀਦ ਹੈ ਕਿ ਇਸ ਵਾਰ ਮੈਂ ਚੋਣ ਜ਼ਰੂਰ ਜਿੱਤਾਂਗਾ।’ ਇਸ ਦੌਰਾਨ ਉਨ੍ਹਾਂ ਇੰਡੀਆਨਾ ਵਿੱਚ ਰੈਲੀ ਨੂੰ ਵੀ ਸੰਬੋਧਨ ਕੀਤਾ। ਟਰੰਪ ਇਸ ਵਾਰ ਲਗਾਤਾਰ ਤੀਜੀ ਵਾਰ ਚੋਣ ਲੜ ਰਹੇ ਹਨ। ਪਹਿਲੀ ਵਾਰ ਉਨ੍ਹਾਂ 2016 ਵਿੱਚ ਚੋਣ ਲੜੀ ਸੀ ਅਤੇ ਇਸ ਵਿੱਚ ਜਿੱਤ ਵੀ ਹਾਸਲ ਕੀਤੀ ਸੀ। 2020 ਵਿੱਚ ਆਪਣੀ ਦੂਜੀ ਕੋਸ਼ਿਸ਼ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਮਰੀਕਾ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ 5 ਨਵੰਬਰ ਨੂੰ ਹੋਣਗੀਆਂ। ਚੋਣ ਪ੍ਰਚਾਰ ਦੌਰਾਨ 78 ਸਾਲਾ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਵਿਰੋਧੀ ਡੈਮੋਕਰੈਟਿਕ ਆਗੂ ਕਮਲਾ ਹੈਰਿਸ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਟਰੰਪ ਆਮ ਤੌਰ ’ਤੇ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਜੇ ਵੱਡੇ ਪੱਧਰ ’ਤੇ ਧੋਖਾਧੜੀ ਹੋਵੇ ਤਾਂ ਹੀ ਚੋਣਾਂ ਵਿੱਚ ਉਨ੍ਹਾਂ ਦੀ ਹਾਰ ਹੋ ਸਕਦੀ ਹੈ। ਇਸ ਤੋਂ ਪਹਿਲਾਂ 2020 ਦੀਆਂ ਚੋਣਾਂ ਵਿੱਚ ਵੀ ਉਨ੍ਹਾਂ ਅਜਿਹਾ ਹੀ ਦੋਸ਼ ਲਾਇਆ ਸੀ।

You must be logged in to post a comment Login