ਮੁਹਾਲੀ, 16 ਮਾਰਚ- ਇਥੋਂ ਦੀ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਸਿੱਖ ਨੌਜਵਾਨ (ਬੈਂਕ ਮੁਲਾਜ਼ਮ) ਕੁਲਦੀਪ ਸਿੰਘ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਤੱਤਕਾਲੀ ਇੰਸਪੈਕਟਰ ਸੂਬਾ ਸਿੰਘ ਉਰਫ ਸੂਬਾ ਸਰਹੰਦ ਅਤੇ ਉਸ ਦੇ ਗੰਨਮੈਨ ਝਿਰਮਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੂਬਾ ਸਿੰਘ ਨੂੰ 3 ਸਾਲ ਤੇ ਝਿਰਮਲ ਸਿੰਘ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਨਾਮਜ਼ਦ ਉਸ ਸਮੇਂ ਦੇ ਐੱਸਐੱਚਓ ਗੁਰਦੇਵ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਪੀੜਤ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਅਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਤਰਨ ਤਾਰਨ ਪੁਲੀਸ ਨੇ 1 ਜੂਨ 1992 ਵਿੱਚ ਕੁਲਦੀਪ ਸਿੰਘ ਵਾਸੀ ਕੋਟਲੀ ਸਰੂਖਾ (ਤਰਨ ਤਾਰਨ) ਨੂੰ ਕਿਸੇ ਜਾਣਕਾਰ ਦੇ ਘਰੋਂ ਚੁੱਕ ਕੇ ਬਾਅਦ ਵਿੱਚ ਝੂਠਾ ਪੁਲੀਸ ਮੁਕਾਬਲਾ ਦਿਖਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੀ ਸੀ। ਅੱਜ ਅਦਾਲਤ ਨੇ ਸਾਬਕਾ ਇੰਸਪੈਕਟਰ ਅਤੇ ਗੰਨਮੈਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ।

You must be logged in to post a comment Login