ਨਾਭਾ, 19 ਨਵੰਬਰ :ਈਓ ਦੀ ਕੋਠੀ ਅੰਦਰ ਸ਼ੰਭੂ ਤੋਂ ਕਥਿਤ ਚੋਰੀ ਹੋਈਆਂ ਟਰਾਲੀਆਂ ਦਾ ਸਾਮਾਨ ਹੋਣ ਦਾ ਦਾਅਵਾ ਕਰਦੇ ਕਿਸਾਨਾਂ ਨੇ ਰਾਤ ਕੋਠੀ ਦੇ ਬਾਹਰ ਸੜਕ ’ਤੇ ਪਹਿਰਾ ਦਿੰਦੇ ਹੋਏ ਕੱਟੀ। ਬੀਤੇ ਦਿਨ ਸਵੇਰ ਤੋਂ ਕੋਠੀ ਦਾ ਘਿਰਾਓ ਕਰਕੇ ਬੈਠੇ ਕਿਸਾਨਾਂ ਨੇ ਰੋਸ ਜਾਹਰ ਕਰਦਿਆਂ ਕਿਹਾ ਕਿ ਪੂਰਾ ਦਿਨ ਪ੍ਰਸ਼ਾਸਨ ਨੇ ਉਨ੍ਹ਼ਾਂ ਦੀ ਸਾਰ ਨਹੀਂ ਲਈ, ਜਦੋਂ ਕਿ ਉਹ ਰਸਮੀ ਤਰੀਕੇ ਨਾਲ ਪ੍ਰਸ਼ਾਸਨ ਨੂੰ ਇਤਲਾਹ ਦੇਕੇ ਆਏ ਸਨ।ਕਿਸਾਨਾਂ ਦਾ ਦਾਅਵਾ ਹੈ ਟਰਾਲੀਆਂ ਦਾ ਕੁੱਝ ਸਾਮਾਨ ਨਗਰ ਕੌਂਸਲ ਦੇ ਈਓ ਦੀ ਕੋਠੀ ਅੰਦਰ ਇੱਕ ਰੁੱਖ ਦੇ ਨੇੜੇ ਜ਼ਮੀਨ ਚ ਦੱਬੇ ਹੋਣ ਬਾਰੇ ਉਨ੍ਹਾਂ ਕੋਲ ਪੱਕੀ ਸੂਹ ਹੈ। ਜ਼ਿਕਰਯੋਗ ਹੈ ਕਿ ਕੌਂਸਲ ਪ੍ਰਧਾਨ ਦੇ ਪਤੀ ਪੰਕਜ ’ਤੇ ਸ਼ੰਭੂ ਤੋਂ ਟਰਾਲੀ ਚੋਰੀ ਕਰਨ ਦੇ ਦੋ ਕੇਸ ਪੜਤਾਲ ਅਧੀਨ ਹਨ, ਜਿਨ੍ਹਾਂ ਦੀ ਤਫਤੀਸ਼ ਸੀ.ਆਈ. ਏ ਪਟਿਆਲਾ ਵੱਲੋਂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੰਕਜ ਪੱਪੂ ਨੇ ਵੀ ਰਾਤ ਫੇਸਬੁੱਕ ਲਾਈਵ ਹੋਕੇ ਆਪਣਾ ਪੱਖ ਰੱਖਿਆ। ਉਨ੍ਹਾਂ ਦਾਅਵਾ ਕੀਤਾ ਕਿ ਉਸਦੇ ਖ਼ਿਲਾਫ਼ ਟਰਾਲੀ ਚੋਰੀ ਦਾ ਪਹਿਲਾ ਕੇਸ ਦਰਜ ਕਰਾਉਣ ਵਿੱਚ ਕਥਿਤ ਦਲਾਲ ਕ੍ਰਿਸ਼ਨੂੰ ਦਾ ਵੱਡਾ ਯੋਗਦਾਨ ਸੀ। ਕ੍ਰਿਸ਼ਨੂੰ ਇਸ ਸਮੇਂ ਡੀ ਆਈ ਜੀ ਭੁੱਲਰ ਦੇ ਰਿਸ਼ਵਤ ਮਾਮਲੇ ’ਚ ਸੀ ਬੀ ਆਈ ਦੀ ਹਿਰਾਸਤ ’ਚ ਹੈ। ਪੰਕਜ ਪੱਪੂ ਨੇ ਇਹ ਵੀ ਕਿਹਾ,‘‘ਜੇ ਕੋਈ ਸਾਮਾਨ ਕੋਠੀ ਵਿੱਚੋ ਮਿਲਦਾ ਹੈ ਤਾਂ ਉਸ ਦਾ ਦੋਸ਼ ਨਹੀਂ ਮੰਨਿਆ ਜਾਵੇਗਾ ਕਿਉਂਕਿ ਮੇਰੀ ਪਤਨੀ ਪ੍ਰਧਾਨਗੀ ਤੋਂ ਅਗਸਤ ਮਹੀਨੇ ਤੋਂ ਛੁੱਟੀ ਤੇ ਚੱਲ ਰਹੀ ਹੈ ਤੇ ਕਾਰਜਕਾਰੀ ਪ੍ਰਧਾਨ ਕੋਈ ਹੋਰ ਹੈ। ਇਸ ਦੌਰਾਨ ਪੰਕਜ ਨੇ ਕੁਝ ਕੌਂਸਲਰਾਂ ’ਤੇ ਕਿਸਾਨਾਂ ਨੂੰ ਵਰਗਲਾਉਣ ਦੇ ਵੀ ਦੋਸ਼ ਲਗਾਏ ਹਨ।

You must be logged in to post a comment Login