ਟਰੰਪ ਨੇ ਜਾਪਾਨ ਤੇ ਦੱਖਣੀ ਕੋਰੀਆ ਨੂੰ 25 ਫੀਸਦ ਟੈਕਸ ਲਾਇਆ

ਟਰੰਪ ਨੇ ਜਾਪਾਨ ਤੇ ਦੱਖਣੀ ਕੋਰੀਆ ਨੂੰ 25 ਫੀਸਦ ਟੈਕਸ ਲਾਇਆ

ਵਾਸ਼ਿੰਗਟਨ, 8 ਜੁਲਾਈ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਾਪਾਨ ਅਤੇ ਦੱਖਣੀ ਕੋਰੀਆ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ 25 ਫੀਸਦ ਟੈਕਸ ਲਗਾਉਣ ਦੇ ਨਾਲ-ਨਾਲ ਇੱਕ ਦਰਜਨ ਹੋਰ ਮੁਲਕਾਂ ’ਤੇ ਨਵੀਆਂ ਟੈਕਸ ਦਰਾਂ ਲਗਾਉਣ ਦਾ ਐਲਾਨ ਕੀਤਾ ਹੈ, ਜੋ 1 ਅਗਸਤ ਤੋਂ ਅਮਲ ਵਿਚ ਆਉਣਗੀਆਂ। ਟਰੰਪ ਨੇ ਟਰੂਥ ਸੋਸ਼ਲ ’ਤੇ ਵੱਖ-ਵੱਖ ਮੁਲਕਾਂ ਦੇ ਆਗੂਆਂ ਨੂੰ ਸੰਬੋਧਤ ਪੱਤਰ ਪੋਸਟ ਕਰਕੇ ਨੋਟਿਸ ਦਿੱਤਾ ਹੈ। ਪੱਤਰਾਂ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੇ ਦਰਾਮਦ ਟੈਕਸ ਵਧਾ ਕੇ ਵਾਰੀ ਦਾ ਵੱਟਾ ਨਾ ਲਾਹੁਣ, ਨਹੀਂ ਤਾਂ ਟਰੰਪ ਪ੍ਰਸ਼ਾਸਨ ਟੈਕਸ ਹੋਰ ਵਧਾ ਦੇਵੇਗਾ। ਟਰੰਪ ਨੇ ਜਾਪਾਨੀ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇਅ ਮਯੰਗ ਨੂੰ ਲਿਖੇ ਪੱਤਰਾਂ ਵਿੱਚ ਕਿਹਾ, ‘‘ਜੇਕਰ ਕਿਸੇ ਕਾਰਨ ਕਰਕੇ ਤੁਸੀਂ ਆਪਣੇ ਦਰਾਮਦ ਟੈਕਸ ਵਧਾਉਣ ਦਾ ਫੈਸਲਾ ਕਰਦੇ ਹੋ, ਤਾਂ ਤੁਸੀਂ ਜਿੰਨਾ ਫੀਸਦ ਉਨ੍ਹਾਂ ਨੂੰ ਵਧਾਉਣਾ ਚਾਹੁੰਦੇ ਹੋ, ਉਹ 25 ਫੀਸਦ ਟੈਕਸ ਵਿੱਚ ਜੋੜ ਦਿੱਤਾ ਜਾਵੇਗੀ ਜੋ ਅਸੀਂ ਤੁਹਾਡੇ ਤੋਂ ਲੈਂਦੇ ਹਾਂ।’’ ਟਰੰਪ ਨੂੰ ਵਿਸ਼ਵਾਸ ਹੈ ਕਿ ਘਰੇਲੂ ਨਿਰਮਾਣ ਨੂੰ ਵਾਪਸ ਲਿਆਉਣ ਅਤੇ ਟੈਕਸ ਕਟੌਤੀਆਂ ਨੂੰ ਫੰਡ ਦੇਣ ਲਈ ਟੈਰਿਫ ਜ਼ਰੂਰੀ ਹਨ। ਇਨ੍ਹਾਂ ਟੈਕਸਾਂ ’ਤੇ ਉਨ੍ਹਾਂ ਪਿਛਲੇ ਸ਼ੁੱਕਰਵਾਰ ਨੂੰ ਦਸਤਖਤ ਕੀਤੇ ਸਨ।

You must be logged in to post a comment Login