ਟਰੰਪ ਨੇ ਪੂਤਿਨ ਨੂੰ ਕਾਲ ਕਰ ਕੇ ਯੂਕਰੇਨ ਜੰਗ ਦੇ ਖ਼ਾਤਮੇ ’ਤੇ ਦਿੱਤਾ ਜ਼ੋਰ: ਰਿਪੋਰਟ

ਟਰੰਪ ਨੇ ਪੂਤਿਨ ਨੂੰ ਕਾਲ ਕਰ ਕੇ ਯੂਕਰੇਨ ਜੰਗ ਦੇ ਖ਼ਾਤਮੇ ’ਤੇ ਦਿੱਤਾ ਜ਼ੋਰ: ਰਿਪੋਰਟ

ਵਾਸ਼ਿੰਗਟਨ, 11 ਨਵੰਬਰ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਯੂਕਰੇਨ ਜੰਗ ਖ਼ਤਮ ਕਰਨ ‘ਤੇ ਚਰਚਾ ਕੀਤੀ ਤੇ ਹੋਰ ਵੀ ਕਈ ਅਹਿਮ ਮੁੱਦੇ ਵਿਚਾਰੇ। ਅਮਰੀਕਾ ਦੀਆਂ ਹਾਲੀਆ ਰਾਸ਼ਟਰਪਤੀ ਚੋਣਾਂ (US Presidencial Elections) ਜਿੱਤਣ ਤੋਂ ਬਾਅਦ ਟਰੰਪ ਨੇ ਦੁਨੀਆ ਦੇ 70 ਤੋਂ ਵੱਧ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ ਅਜਿਹੇ ਸਭ ਤੋਂ ਪਹਿਲੇ ਆਗੂਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੀ ਸ਼ਾਮਲ ਸਨ। ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਨੇ ਇਕ ਵਿਸ਼ੇਸ਼ ਰਿਪੋਰਟ ਵਿਚ ਕਿਹਾ, “ਦੋਵਾਂ ਆਗੂਆਂ ਨੇ ਯੂਰਪੀ ਮਹਾਂਦੀਪ ਵਿਚ ਸ਼ਾਂਤੀ ਕਾਇਮ ਕਰਨ ਦੇ ਟੀਚੇ ‘ਤੇ ਚਰਚਾ ਕੀਤੀ ਅਤੇ ਟਰੰਪ ਨੇ ‘ਯੂਕਰੇਨ ਜੰਗ ਦੇ ਜਲਦ ਖ਼ਾਤਮੇ’ ਉਤੇ ਜ਼ੋਰ ਦਿੱਤਾ ਅਤੇ ਨਾਲ ਹੀ ਇਸ ਗੱਲ ਵਿਚ ਵੀ ਦਿਲਚਸਪੀ ਦਿਖਾਈ ਕਿ ਦੋਵੇਂ ਆਗੂ ਇਨ੍ਹਾਂ ਮੁੱਦਿਆਂ ਉਤੇ  ਅਗਾਂਹ ਵੀ ਗੱਲਬਾਤ (Follow-up conversations) ਕਰਦੇ ਰਹਿਣਗੇ।ਰਿਪੋਰਟ ਮੁਤਾਬਕ, “ਦੋਵਾਂ ਆਗੂਆਂ ਦੀ ਹੋਈ ਇਸ ਗੱਲਬਾਤ ਤੋਂ ਜਾਣੂ ਇੱਕ ਸਾਬਕਾ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਟਰੰਪ ਸੰਭਾਵਤ ਤੌਰ ‘ਤੇ ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਵਰਗੇ ਵੱਡੇ ਸੰਕਟ ਦੇ ਜਾਰੀ ਰਹਿੰਦਿਆਂ ਅਹੁਦਾ (ਅਮਰੀਕੀ ਰਾਸ਼ਟਰਪਤੀ ਵਜੋਂ) ਨਹੀਂ ਸੰਭਾਲਣਾ ਚਾਹੁਣਗੇ।… ਇਸੇ ਕਾਰਨ ਉਨ੍ਹਾਂ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਹਾਲਾਤ ਨੂੰ ਵਿਗੜਨ ਤੋਂ ਰੋਕਣਾ ਚਾਹੁੰਦੇ ਹਨ।’’

You must be logged in to post a comment Login