ਟਰੰਪ-ਪੂਤਿਨ ਦੀ ਗੱਲਬਾਤ ਲਈ ਤਿਆਰੀਆਂ

ਟਰੰਪ-ਪੂਤਿਨ ਦੀ ਗੱਲਬਾਤ ਲਈ ਤਿਆਰੀਆਂ

ਕੀਵ, 23 ਫਰਵਰੀ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਮੁਲਾਕਾਤ ਲਈ ਤਿਆਰੀਆਂ ਜਾਰੀ ਹਨ। ਇਹ ਜਾਣਕਾਰੀ ਰੂਸ ਦੇ ਉਪ ਵਿਦੇਸ਼ ਮੰਤਰੀ ਨੇ ਦਿੱਤੀ। ਰੂਸ ਦੇ ਸਰਕਾਰੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਗੇਈ ਰਿਆਬਕੋਵ ਨੇ ਕਿਹਾ ਕਿ ਪੂਤਿਨ-ਟਰੰਪ ਦੀ ਸੰਭਾਵੀ ਗੱਲਬਾਤ ’ਚ ਯੂਕਰੇਨ ’ਚ ਚੱਲਦੀ ਜੰਗ ਤੋਂ ਇਲਾਵਾ ਆਲਮੀ ਮੁੱਦਿਆਂ ’ਤੇ ਵਿਸਤ੍ਰਿਤ ਚਰਚਾ ਹੋ ਸਕਦੀ ਹੈ। ਉਨ੍ਹਾਂ ਕਿਹਾ, ‘ਸੁਆਲ ਦੋਵਾਂ ਮੁਲਕਾਂ ਦੇ ਰਿਸ਼ਤਿਆਂ ’ਚ ਸੁਧਾਰ ਲਿਆਉਣ ਦੀ ਦਿਸ਼ਾ ’ਚ ਅੱਗੇ ਵਧਣਾ ਤੇ ਕਈ ਗੰਭੀਰ ਤੇ ਖ਼ਤਰਨਾਕ ਪ੍ਰਸਥਿਤੀਆਂ ਦੇ ਹੱਲ ਲੱਭਣ ਲਈ ਤਰੀਕੇ ਲੱਭਣਾ ਹੈ, ਜਿਨ੍ਹਾਂ ’ਚ ਯੂਕਰੇਨ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਮੁਲਾਕਾਤ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ ਤੇ ਇਸ ਕਾਰਜ ਲਈ ਆਗਾਮੀ ਤਿਆਰੀ ਦੀ ਲੋੜ ਪਵੇਗੀ।’ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਰੂਸ ਦੇ ਰਾਜਦੂਤਾਂ ਵੱਲੋਂ ਅਗਲੇ ਦੋ ਹਫ਼ਤਿਆਂ ’ਚ ਮੁਲਾਕਾਤ ਕੀਤੀ ਜਾ ਸਕਦੀ ਹੈ, ਜਿਸ ਨਾਲ ਸੀਨੀਅਰ ਅਧਿਕਾਰੀਆਂ ਵਿਚਾਲੇ ਅਗਲੀ ਗੱਲਬਾਤ ਲਈ ਰਾਹ ਪੱਧਰਾ ਹੋ ਸਕੇਗਾ।

You must be logged in to post a comment Login