ਦੁਬਈ, 27 ਸਤੰਬਰ :ਏਸ਼ੀਆ ਕੱਪ ਪ੍ਰਬੰਧਕਾਂ ਨੇ ਅੱਜ ਇੱਥੇ ਦੱਸਿਆ ਕਿ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ’ਤੇ ਟੂਰਨਾਮੈਂਟ ਦੇ ਗਰੁੱਪ ਲੀਗ ਮੈਚ ਮਗਰੋਂ ਪਾਕਿਸਤਾਨ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਲਈ ਮੈਚ ਫ਼ੀਸ ਦਾ 30 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ ਕਿਉਂਕਿ ਇਸ ਮੁਕਾਬਲੇ ਮਗਰੋਂ ਉਸ ਨੇ ਦੋਵਾਂ ਦੇਸ਼ਾਂ ਦਰਮਿਆਨ ਮਈ ਵਿੱਚ ਹੋਈਆਂ ਫ਼ੌਜੀ ਕਾਰਵਾਈਆਂ ਦਾ ਜ਼ਿਕਰ ਕੀਤਾ ਸੀ। ਉੱਧਰ ਟੂਰਨਾਮੈਂਟ ਸੂਤਰਾਂ ਮੁਤਾਬਕ, ਭਾਰਤ ਨੇ ਇਸ ਫੈਸਲੇ ਵਿਰੁੱਧ ਅਪੀਲ ਕੀਤੀ ਹੈ।ਦੋਵਾਂ ਟੀਮਾਂ ਵਿਚਕਾਰ ਤਣਾਅ ਸ਼ੁਰੂ ਤੋਂ ਹੀ ਵੱਧ ਰਿਹਾ ਹੈ। ਭਾਰਤ ਨੇ ਪਹਿਲਗਾਮ ਪੀੜਤਾਂ ਨਾਲ ਇਕਮੁੱਠਤਾ ਦਿਖਾਉਂਦਿਆਂ ਟਾਸ ਸਮੇਂ ਅਤੇ ਮੈਚ ਤੋਂ ਬਾਅਦ ਪਾਕਿਸਤਾਨੀ ਖਿਡਾਰੀਆਂ ਨਾਲ ਰਵਾਇਤੀ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ।ਪਾਕਿਸਤਾਨ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ICC) ਕੋਲ ਸੂਰਿਆਕੁਮਾਰ ਖ਼ਿਲਾਫ਼ ਸਿਆਸੀ ਟਿੱਪਣੀ ਕਰਨ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ।ਸੂਰਿਆਕੁਮਾਰ ਨੇ 14 ਸਤੰਬਰ ਨੂੰ ਪਾਕਿਸਤਾਨ ’ਤੇ ਆਪਣੀ ਟੀਮ ਦੀ ਜਿੱਤ ਨੂੰ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਸਮਰਪਿਤ ਕੀਤਾ ਸੀ।ਸੂਰਿਆਕੁਮਾਰ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਪਰ ਉਸ ਨੂੰ ਟੂਰਨਾਮੈਂਟ ਦੇ ਬਾਕੀ ਮੈਚਾਂ ਦੌਰਾਨ ਅਜਿਹਾ ਕੋਈ ਬਿਆਨ ਨਾ ਦੇਣ ਲਈ ਕਿਹਾ ਗਿਆ, ਜਿਸ ਨੂੰ ਸਿਆਸੀ ਮੰਨਿਆ ਜਾ ਸਕੇ।

You must be logged in to post a comment Login