ਟੀ-20 ਦਰਜਾਬੰਦੀ: ਸੂਰਿਆਕੁਮਾਰ ਨੂੰ ਪਛਾੜ ਕੇ ਰਿਜ਼ਵਾਨ ਪਹਿਲੇ ਸਥਾਨ ’ਤੇ ਕਾਬਜ਼

ਟੀ-20 ਦਰਜਾਬੰਦੀ: ਸੂਰਿਆਕੁਮਾਰ ਨੂੰ ਪਛਾੜ ਕੇ ਰਿਜ਼ਵਾਨ ਪਹਿਲੇ ਸਥਾਨ ’ਤੇ ਕਾਬਜ਼

ਦੁਬਈ:ਆਈਸੀਸੀ ਵੱਲੋਂ ਜਾਰੀ ਟੀ-20 ਦਰਜਾਬੰਦੀ ਵਿੱਚ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਭਾਰਤ ਦੇ ਸੂਰਿਆਕੁਮਾਰ ਯਾਦਵ ਨੂੰ ਪਛਾੜ ਕੇ ਮੁੜ ਪਹਿਲਾ ਸਥਾਨ ਹਾਸਲ ਕੀਤਾ ਹੈ। ਦੋਵਾਂ ਵਿਚਾਲੇ ਫਰਕ ਸਿਰਫ਼ 16 ਰੈਂਕਿੰਗ ਅੰਕਾਂ ਦਾ ਹੈ। ਰਿਜ਼ਵਾਨ ਦੇ 854 ਅੰਕ ਹਨ ਅਤੇ ਸੂਰਿਆ 838 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਸੂਰਿਆ ਨੇ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ 119 ਦੌੜਾਂ ਬਣਾਈਆਂ, ਜਿਸ ਵਿੱਚ ਦੋ ਨੀਮ ਸੈਂਕੜੇ ਵੀ ਸ਼ਾਮਲ ਹਨ। ਉਧਰ ਰਿਜ਼ਵਾਨ ਨੇ ਵੀ ਇੰਗਲੈਂਡ ਖ਼ਿਲਾਫ਼ ਸੱਤ ਮੈਚਾਂ ਦੀ ਟੀ-20 ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਵੱਲੋਂ ਸਭ ਤੋਂ ਵੱਧ 316 ਦੌੜਾਂ ਬਣਾਈਆਂ ਹਾਲਾਂਕਿ ਉਸ ਨੇ ਛੇ ਮੈਚ ਹੀ ਖੇਡੇ। ਇਸੇ ਤਰ੍ਹਾਂ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਤੀਜੇ ਸਥਾਨ ’ਤੇ ਬਰਕਰਾਰ ਹੈ। ਦਰਜਾਬੰਦੀ ਵਿੱਚ ਭਾਰਤ ਦਾ ਸਲਾਮੀ ਬੱਲੇਬਾਜ਼ ਕੇ.ਐੱਲ ਰਾਹੁਲ ਸੱਤ ਸਥਾਨ ਉਪਰ 14ਵੇਂ ਸਥਾਨ ’ਤੇ ਆ ਗਿਆ ਹੈ।ਗੇਂਦਬਾਜ਼ੀ ਵਿੱਚ ਆਸਟਰੇਲਿਆਈ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਪਹਿਲੇ ਸਥਾਨ ’ਤੇ ਬਰਕਰਾਰ ਹੈ ਜਦਕਿ ਅਫਗਾਨਿਸਤਾਨ ਦਾ ਸਪਿੰਨਰ ਰਾਸ਼ਿਦ ਖਾਨ ਦੂਜੇ ਅਤੇ ਸ੍ਰੀਲੰਕਾ ਦਾ ਵਨਿੰਦੂ ਹਾਸਾਰੰਗਾ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਭਾਰਤੀ ਸਪਿੰਨਰ ਰਵੀਚੰਦਰਨ ਅਸ਼ਵਿਨ 28 ਸਥਾਨ ਉੱਪਰ 20ਵੇਂ ਸਥਾਨ ’ਤੇ ਆ ਗਿਆ ਹੈ।

You must be logged in to post a comment Login