ਟੀ-20 ਵਿਸ਼ਵ ਕੱਪ: ਆਸਟਰੇਲੀਆ ਨੇ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ

ਟੀ-20 ਵਿਸ਼ਵ ਕੱਪ: ਆਸਟਰੇਲੀਆ ਨੇ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ

ਬ੍ਰਿਸਬੇਨ, 31 ਅਕਤੂਬਰ- ਮੇਜ਼ਬਾਨ ਆਸਟਰੇਲੀਆ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਸੁਪਰ 12 ਗਰੁੱਪ ਏ ਦੇ ਮੁਕਾਬਲੇ ਵਿੱਚ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਆਇਰਲੈਂਡ ਨੂੰ ਜਿੱਤ ਲਈ 180 ਦੌੜਾਂ ਦਾ ਟੀਚਾ ਮਿਲਿਆ ਸੀ। ਆਇਰਿਸ਼ ਟੀਮ ਟੀਚੇ ਦਾ ਪਿੱਛਾ ਕਰਦਿਆਂ 18.1 ਓਵਰਾਂ ਵਿੱਚ 137 ਦੌੜਾਂ ’ਤੇ ਸਿਮਟ ਗਈ। ਟੀਮ ਵੱਲੋਂ ਵਿਕਟਕੀਪਰ ਬੱਲੇਬਾਜ਼ ਲੋਕਰਾਨ ਟਕਰ ਨੇ ਨਾਬਾਦ 71 ਦੌੜਾਂ ਦੀ ਪਾਰੀ ਖੇਡੀ। ਆਸਟਰੇਲੀਆ ਲਈ ਚਾਰ ਗੇਂਦਬਾਜ਼ਾਂ ਪੈਟ ਕਮਿਨਸ, ਗਲੈਨ ਮੈਕਸਵੈੱਲ, ਮਿਸ਼ੇਲ ਸਟਾਰਕ ਤੇ ਐਡਮ ਜ਼ਾਂਪਾ ਨੇ ਦੋ-ਦੋ ਜਦੋਂਕਿ ਇਕ ਵਿਕਟ ਮਾਰਕਸ ਸਟੌਇਨਸ ਦੇ ਹਿੱਸੇ ਆਈ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਆਇਰਲੈਂਡ ਦੇ ਸੱਦੇ ’ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 179 ਦੌੜਾਂ ਬਣਾਈਆਂ। ਮੇਜ਼ਬਾਨ ਟੀਮ ਲਈ ਕਪਤਾਨ ਆਰੋਨ ਫਿੰਚ ਨੇ ਸਭ ਤੋਂ ਵੱਧ 63 ਦੌੜਾਂ ਬਣਾਈਆਂ। ਫਿੰਚ ਨੇ 44 ਦੌੜਾਂ ਦੀ ਪਾਰੀ ਵਿੱਚ ਪੰਜ ਚੌਕੇ ਤੇ 3 ਛੱਕੇ ਜੜੇ। ਸਟੌਇਨਸ ਨੇ 35 ਦੌੜਾਂ ਤੇ ਮਿਸ਼ੇਲ ਮਾਰਸ਼ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਆਇਰਲੈਂਡ ਲਈ ਬੈਰੀ ਮੈਕਕਰਥੀ ਨੇ ਤਿੰਨ ਤੇ ਜੋਸ਼ੁਆ ਲਿਟਲ ਨੇ 2 ਵਿਕਟਾਂ ਲਈਆਂ। ਗਰੁੱਪ ਏ ਵਿੱਚ ਪੰਜ ਅੰਕਾਂ ਨਾਲ ਨਿਊਜ਼ੀਲੈਂਡ ਸਿਖਰ ’ਤੇੇ ਹੈ। ਆਇਰਲੈਂਡ ਖਿਲਾਫ਼ ਜਿੱਤ ਨਾਲ ਆਸਟਰੇਲੀਅਨ ਟੀਮ ਚਾਰ ਮੈਚਾਂ ਵਿੱਚ ਦੋ ਜਿੱਤਾਂ, ਇਕ ਹਾਰ ਤੇ ਇਕ ਮੁਕਾਬਲਾ ਰੱਦ ਹੋਣ ਕਰਕੇ 5 ਅੰਕਾਂ ਨਾਲ ਦੂਜੇ ਸਥਾਨ ’ਤੇ ਪੁੱਜ ਗਈ ਹੈ।

You must be logged in to post a comment Login