ਟੀ-20 ਵਿਸ਼ਵ ਕੱਪ 2022 ਦੀਆਂ ਤਾਰੀਖਾਂ ਦਾ ਐਲਾਨ

ਟੀ-20 ਵਿਸ਼ਵ ਕੱਪ 2022 ਦੀਆਂ ਤਾਰੀਖਾਂ ਦਾ ਐਲਾਨ

ਨਵੀਂ ਦਿੱਲੀ- ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਵਲੋਂ ਅਗਲੇ ਸਾਲ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਸੱਤ ਸ਼ਹਿਰਾਂ ਦਾ ਐਲਾਨ ਕੀਤਾ ਗਿਆ ਹੈ। ਅਗਲੇ ਸਾਲ 16 ਅਕਤੂਬਰ ਤੋਂ 13 ਨਵੰਬਰ ਤੱਕ ਹੋਣ ਵਾਲੇ ਇਸ ਟੂਰਨਾਮੈਂਟ ‘ਚ ਐਡੀਲੇਡ, ਬ੍ਰਿਸਬੇਨ, ਜੀਲਾਂਗ, ਹੋਬਾਰਟ, ਮੈਲਬੋਰਨ, ਪਰਥ ਅਤੇ ਸਿਡਨੀ ‘ਚ ਕੁੱਲ 45 ਮੈਚ ਖੇਡੇ ਜਾਣਗੇ। ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ 2022 ਦਾ ਫਾਈਨਲ 13 ਨਵੰਬਰ 2022 ਨੂੰ ਮੈਲਬੋਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) ਵਿਖੇ ਹੋਵੇਗਾ।
ਸੈਮੀਫਾਈਨਲ ਸਿਡਨੀ ਕ੍ਰਿਕਟ ਗਰਾਊਂਡ ਅਤੇ ਐਡੀਲੇਡ ਓਵਲ ਵਿਖੇ ਕ੍ਰਮਵਾਰ 9 ਅਤੇ 10 ਨਵੰਬਰ ਨੂੰ ਹੋਣਗੇ। ਸਾਰੇ ਮੈਚ ਰਾਤ ਨੂੰ ਖੇਡੇ ਜਾਣਗੇ ਅਤੇ ਸਾਰੇ ਮੈਚਾਂ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇ ਪਹੁੰਚਣ ਦੀ ਸੰਭਾਵਨਾ ਵੀ ਹੈ। ਜਿਨ੍ਹਾਂ ਦੇਸ਼ਾਂ ਨੇ ਸੁਪਰ 12 ਪੜਾਅ ਲਈ ਸਿੱਧੇ ਕੁਆਲੀਫਾਈ ਕੀਤਾ ਹੈ ਉਸ ‘ਚ ਅਫਗਾਨਿਸਤਾਨ, ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਭਾਰਤ, ਪਾਕਿਸਤਾਨ, ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਸ਼ਾਮਲ ਹਨ। ਇਸ ਦੇ ਨਾਲ ਹੀ ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਵਰਗੀਆਂ ਟੀਮਾਂ ਨੂੰ ਰਾਉਂਡ 1 ਦੇ ਜ਼ਰੀਏ ਸੁਪਰ 12 ‘ਚ ਜਗ੍ਹਾ ਬਣਾਉਣ ਦਾ ਮੌਕਾ ਮਿਲੇਗਾ। ਨਾਮੀਬੀਆ, ਸਕਾਟਲੈਂਡ, ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਰਾਊਂਡ 1 ਦੇ ਮੈਚ ਖੇਡਣਗੇ। ਅਜੇ ਚਾਰ ਹੋਰ ਟੀਮਾਂ ਦਾ ਐਲਾਨ ਹੋਣਾ ਬਾਕੀ ਹੈ, ਜੋ ਰਾਊਂਡ 1 ਵਿੱਚ ਇਨ੍ਹਾਂ ਟੀਮਾਂ ਨਾਲ ਭਿੜਨਗੀਆਂ।

You must be logged in to post a comment Login