ਟੀ-20 ਵਿਸ਼ਵ :ਆਈਸੀਸੀ ਵੱਲੋਂ ਬੰਗਲਾਦੇਸ਼ ਦੀ ਮੈਚਾਂ ਦੀ ਥਾਂ ਬਦਲਣ ਦੀ ਅਪੀਲ ਰੱਦ

ਦੁਬਈ, 21 ਜਨਵਰੀ : ਟੀ-20 ਵਿਸ਼ਵ ਕੱਪ ਦੇ ਮੈਚਾਂ ਦੀ ਥਾਂ ਬਦਲਣ ਦੇ ਮਾਮਲੇ ’ਤੇ ਆਈਸੀਸੀ ਤੇ ਬੰਗਲਾਦੇਸ਼ ਕ੍ਰਿਕਟ ਬੋਰਡ ਦਾ ਵਿਵਾਦ ਅੱਜ ਉਸ ਵੇਲੇ ਹੋਰ ਵਧ ਗਿਆ ਜਦੋਂ ਆਈਸੀਸੀ ਨੇ ਬੰਗਲਾਦੇਸ਼ ਦੀ ਮੈਚ ਭਾਰਤ ਤੋਂ ਬਾਹਰ ਕਰਵਾਉਣ ਦੀ ਅਪੀਲ ਨੂੰ ਰੱਦ ਦਿੱਤਾ। ਆਈਸੀਸੀ ਨੇ ਕਿਹਾ ਹੈ ਕਿ ਟੀ-20 ਵਿਸ਼ਵ ਕੱਪ ਦੇ ਮੈਚ ਮਿੱਥੇ ਸਮੇਂ ਤੇ ਸਥਾਨ ’ਤੇ ਹੀ ਹੋਣਗੇ। ਆਈਸੀਸੀ ਨੇ ਕਿਹਾ ਹੈ ਕਿ ਸੁਰੱਖਿਆ ਮੁਲਾਂਕਣ ਅਤੇ ਏਜੰਸੀਆਂ ਰਾਹੀਂ ਪਤਾ ਲੱਗਿਆ ਹੈ ਕਿ ਭਾਰਤ ਵਿੱਚ ਬੰਗਲਾਦੇਸ਼ ਦੇ ਖਿਡਾਰੀਆਂ, ਮੀਡੀਆ, ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਨੂੰ ਕੋਈ ਖ਼ਤਰਾ ਨਹੀਂ ਹੈ।ਇਸ ਤੋਂ ਪਹਿਲਾਂ ਬੰਗਲਾਦੇਸ਼ ਸਰਕਾਰ ਨੇ ਸਪਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਕ੍ਰਿਕਟ ਟੀਮ ਕਿਸੇ ਵੀ ਹਾਲਤ ਵਿੱਚ ਟੀ-20 ਵਿਸ਼ਵ ਕੱਪ ਖੇਡਣ ਲਈ ਭਾਰਤ ਨਹੀਂ ਆਵੇਗੀ। ਬੰਗਲਾਦੇਸ਼ ਦੇ ਖੇਡ ਸਲਾਹਕਾਰ ਆਸਿਫ਼ ਨਜ਼ਰੁਲ ਨੇ ਆਈ ਸੀ ਸੀ ਦਾ ਅਲਟੀਮੇਟਮ ਠੁਕਰਾਉਂਦਿਆਂ ਕਿਹਾ ਕਿ ਜੇ ਆਈ ਸੀ ਸੀ ਭਾਰਤੀ ਕ੍ਰਿਕਟ ਬੋਰਡ ਦੇ ਦਬਾਅ ਹੇਠ ਉਨ੍ਹਾਂ ’ਤੇ ਗੈਰ-ਵਾਜਬ ਸ਼ਰਤਾਂ ਥੋਪਦੀ ਹੈ ਤਾਂ ਉਹ ਇਸ ਨੂੰ ਸਵੀਕਾਰ ਨਹੀਂ ਕਰਨਗੇ।ਆਈ ਸੀ ਸੀ ਨੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ ਸੀ ਬੀ) ਨੂੰ 21 ਜਨਵਰੀ ਤੱਕ ਫੈਸਲਾ ਲੈਣ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਜੇ ਬੰਗਲਾਦੇਸ਼ ਆਪਣੀ ਜ਼ਿੱਦ ’ਤੇ ਅੜਿਆ ਰਿਹਾ ਤਾਂ ਰੈਂਕਿੰਗ ਦੇ ਆਧਾਰ ’ਤੇ ਸਕਾਟਲੈਂਡ ਨੂੰ ਉਨ੍ਹਾਂ ਦੀ ਥਾਂ ਟੂਰਨਾਮੈਂਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਨਜ਼ਰੁਲ ਨੇ ਕਿਹਾ ਕਿ ਪਹਿਲਾਂ ਵੀ ਪਾਕਿਸਤਾਨ ਦੇ ਇਨਕਾਰ ਮਗਰੋਂ ਆਈ ਸੀ ਸੀ ਨੇ ਮੈਚਾਂ ਦੇ ਸਥਾਨ ਬਦਲੇ ਸਨ, ਇਸ ਲਈ ਬੰਗਲਾਦੇਸ਼ ਦੀ ਮੰਗ ਤਰਕਸੰਗਤ ਹੈ।

You must be logged in to post a comment Login