ਟੋਰਾਂਟੋ ਪੁਲੀਸ ਨੇ ਕੈਨੇਡਾ ਦੇ 25 ਅਤਿ ਲੋੜੀਂਦੇ (Most wanted) ਅਪਰਾਧੀਆਂ ਵਿਚੋਂ ਇਕ ਨਿਕੋਲਸ ਸਿੰਘ (24) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਟੋਰਾਂਟੋ ਪੁਲੀਸ ਨੇ ਭਾਰਤੀ ਸਮੇਂ ਅਨੁਸਾਰ ਐਤਵਾਰ ਸਵੇਰੇ ਜਾਰੀ ਇਕ ਪ੍ਰੈੱਸ ਰਿਲੀਜ਼ ਵਿਚ ਇਹ ਦਾਅਵਾ ਕੀਤਾ ਹੈ। ਸਿੰਘ ਨੂੰ ਸ਼ੁੱਕਰਵਾਰ ਰਾਤੀਂ ਟੋਰਾਂਟੋ ਵਿੱਚ ਬਾਥਰਸਟ ਸਟਰੀਟ ਅਤੇ ਡੂਪੋਂਟ ਸਟਰੀਟ ਨੇੜਿਓਂ ਹਿਰਾਸਤ ਵਿੱਚ ਲਿਆ ਗਿਆ ਸੀ।ਪੁਲੀਸ ਅਧਿਕਾਰੀਆਂ ਨੂੰ ਉਹ ਇੱਕ ਕਾਰ ਵਿਚ ਬੈਠਾ ਮਿਲਿਆ ਤੇ ਪੁਲੀਸ ਨੇ ਬਿਨਾਂ ਕਿਸੇ ਵਿਰੋਧ ਦੇ ਉਸ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ਦੌਰਾਨ ਪੁਲੀਸ ਨੇ ਉਸ ਕੋਲੋਂ ਇੱਕ ਭਰੀ ਹੋਈ ਹੈਂਡਗਨ ਬਰਾਮਦ ਕੀਤੀ ਜਿਸ ਵਿੱਚ ਇੱਕ ਵਧਿਆ ਹੋਇਆ ਮੈਗਜ਼ੀਨ, ਵਾਧੂ ਗੋਲਾ ਬਾਰੂਦ ਸੀ, ਅਤੇ ਬੰਦੂਕ ਦਾ ਸੀਰੀਅਲ ਨੰਬਰ ਹਟਾ ਦਿੱਤਾ ਗਿਆ ਸੀ। ਉਸ ’ਤੇ ਕਈ ਗੰਭੀਰ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਇੱਕ ਲੋਡਡ ਵਰਜਿਤ ਹਥਿਆਰ ਰੱਖਣਾ, ਵਾਹਨ ਵਿੱਚ ਬੰਦੂਕ ਰੱਖਣਾ ਅਤੇ ਬਿਨਾਂ ਲਾਇਸੈਂਸ ਦੇ ਬੰਦੂਕ ਰੱਖਣਾ ਸ਼ਾਮਲ ਹੈ। ਉਸ ਨੂੰ ਸ਼ਨਿੱਚਰਵਾਰ ਸਵੇਰੇ ਟੋਰਾਂਟੋ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਪੁਲੀਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ BOLO ਪ੍ਰੋਗਰਾਮ ਕਾਰਨ ਨਿਕੋੋਲਸ ਸਿੰਘ ਦੀ ਗ੍ਰਿਫਤਾਰੀ ਸੰਭਵ ਹੋਈ ਹੈ। BOLO (ਬੀ ਆਨ ਦ ਲੁੱਕ ਆਊਟ) ਇੱਕ ਕੈਨੇਡੀਅਨ ਜਨਤਕ-ਜਾਗਰੂਕਤਾ ਮੁਹਿੰਮ ਹੈ ਜੋ ਸੋਸ਼ਲ ਮੀਡੀਆ, ਖ਼ਬਰਾਂ ਅਤੇ ਡਿਜੀਟਲ ਬਿਲਬੋਰਡਾਂ ’ਤੇ ਦੇਸ਼ ਦੇ 25 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀਆਂ ਫੋਟੋਆਂ ਅਤੇ ਵੇਰਵੇ ਪ੍ਰਕਾਸ਼ਤ ਕਰਦੀ ਹੈ। ਇਸ ਨੇ ਪਿਛਲੇ ਕੁਝ ਸਾਲਾਂ ਵਿੱਚ ਪੁਲੀਸ ਨੂੰ ਬਹੁਤ ਸਾਰੇ ਖਤਰਨਾਕ ਭਗੌੜਿਆਂ ਨੂੰ ਫੜਨ ਵਿੱਚ ਮਦਦ ਕੀਤੀ ਹੈ।ਨਿਕੋਲਸ ਸਿੰਘ ਆਪਣੀ ਪੈਰੋਲ ਦੀਆਂ ਸ਼ਰਤਾਂ ਤੋੜਨ ਲਈ ਪਹਿਲਾਂ ਹੀ ਕੈਨੇਡਾ ਭਰ ਵਿੱਚ ਲੋੜੀਂਦਾ ਸੀ। ਉਸ ਨੇ ਹਿੰਸਕ ਅਪਰਾਧਾਂ ਲਈ ਪਹਿਲਾਂ ਵੀ ਸਜ਼ਾ ਕੱਟੀ ਸੀ ਅਤੇ ਉਸ ਨੂੰ ਰਿਪੀਟ ਓਫੈਂਡਰ ਪੈਰੋਲ ਐਨਫੋਰਸਮੈਂਟ ਸਕੁਐਡ ਵੱਲੋਂ ਉੱਚ-ਜੋਖਮ ਮੰਨਿਆ ਜਾਂਦਾ ਸੀ। ਟੋਰਾਂਟੋ ਪੁਲੀਸ ਸੇਵਾ ਨੇ ਆਪਣੀ ਅਧਿਕਾਰਤ ਰਿਲੀਜ਼ ਵਿੱਚ ਕਿਹਾ ਕਿ ਉਸ ਦੇ ਅਪਰਾਧਿਕ ਪਿਛੋਕੜ ਕਰਕੇ ਬੋਲੋ ਟੌਪ 25 ਸੂਚੀ ਵਿੱਚ ਰੱਖਿਆ ਗਿਆ ਸੀ।

You must be logged in to post a comment Login