ਮੋਗਾ, 7 ਨਵੰਬਰ- ਪੰਜਾਬ ਸਰਕਾਰ ਨੇ ਸੂਬੇ ਵਿਚ ਡੀਏਪੀ ਖਾਦ ਦੀ ਕਮੀ ਦੇ ਮੱਦੇਨਜ਼ਰ ਡਿਊਟੀ ਵਿਚ ਕੋਤਾਹੀ ਦੇ ਦੋਸ਼ ਹੇਠ ਵੀਰਵਾਰ ਨੂੰ ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜੰਗੀਰ ਸਿੰਘ ਅਤੇ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ (DM) ਕਮਲਦੀਪ ਸਿੰਘ ਤੇ ਮਾਰਕਫੈੱਡ ਦੇ ਐੱਫਐੱਸਓ (FSO) ਵਿਕਾਸ ਕੁਮਾਰ ਨੂੰ ਫ਼ੌਰੀ ਤੌਰ ’ਤੇ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮੁਅੱਤਲੀ ਦੀ ਇਹ ਕਾਰਵਾਈ ਕਥਿਤ ਤੌਰ ’ਤੇ ਜਮ੍ਹਾਂਖ਼ੋਰੀ ਤੇ ਕਾਲਾਬਾਜ਼ਾਰੀ ਰਾਹੀਂ ਹੱਥ ਰੰਗਣ ਲਈ ਸਟੋਰ ਕੀਤੀ ਗਈ ਡੀਏਪੀ ਖਾਦ ਦਾ ਜ਼ਖ਼ੀਰਾ ਮਿਲਣ ਉੱਤੇ ਕੀਤੀ ਗਈ ਹੈ।
ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਨੁਰਾਗ ਵਰਮਾ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹਵਾਲੇ ਨਾਲ ਜਾਰੀ ਹੁਕਮਾਂ ਤਹਿਤ ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜੰਗੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ (MD) ਦੇ ਦਸਤਖ਼ਤ ਹੇਠ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਮੈਨੇਜਰ ਕਮਲਦੀਪ ਸਿੰਘ ਅਤੇ ਐੱਫਐੱਸਓ ਵਿਕਾਸ ਕੁਮਾਰ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਬਾਬਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਕਿ ਮੈਸਰਜ਼ ਸਚਦੇਵਾ ਟਰੇਡਰਜ਼, ਫਿਰੋਜ਼ਪੁਰ ਦੇ ਵੱਖ-ਵੱਖ ਗੁਦਾਮਾਂ ਦੀ ਉਪ ਮੰਡਲ ਮੈਜਿਸਟਰੇਟ, ਫਿਰੋਜ਼ਪੁਰ ਦੀ ਨਿਗਰਾਨੀ ਹੇਠ ਚੈਕਿੰਗ ਕਰਵਾਉਣ ’ਤੇ ਪਾਇਆ ਗਿਆ ਕਿ ਇਸ ਫਰਮ ਵੱਲੋਂ ਨਾਜਾਇਜ਼ ਤੌਰ ਤੇ ਕਰੀਬ 161.8 ਐਮਟੀ (3236 ਬੈਗ) ਡੀਏਪੀ ਖਾਦ ਦੀ ਅਣਅਧਿਕਾਰਤ ਤੌਰ ’ਤੇ ਸਟੋਰੇਜ ਕੀਤੀ ਗਈ ਹੈ। ਪੜਤਾਲ ਦੌਰਾਨ ਫਰਮ ਦੇ ਮਾਲਕਾਂ ਵੱਲੋਂ ਗੁਦਾਮਾਂ ਵਿੱਚ ਪਈ ਖਾਦ ਦਾ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਗਿਆ। ਇਸ ਬਾਬਤ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਨੂੰ ਮੁਅੱਤਲ ਮੁੱਖ ਖੇਤੀਬਾੜੀ ਅਧਿਕਾਰੀ ਜੰਗੀਰ ਸਿੰਘ ਤੇ ਦੂਜੇ ਅਧਿਕਾਰੀ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ। ਜਦ ਕਿ ਸੂਬਾ ਸਰਕਾਰ ਵੱਲੋਂ ਡੀਏਪੀ ਖਾਦ ਸੰਕਟ ਅਤੇ ਕਮੀ ਦੇ ਮੱਦੇਨਜ਼ਰ ਮੁੱਖ ਖੇਤੀਬਾੜੀ ਅਫਸਰਾਂ ਨੂੰ ਇਸ ਸਬੰਧੀ ਚੈਕਿੰਗ ਕਰਨ ਲਈ ਆਦੇਸ਼ ਦਿੱਤੇ ਜਾਂਦੇ ਰਹੇ ਹਨ। ਇਸ ਗੰਭੀਰ ਕੁਤਾਹੀ ਕਾਰਨ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਦਾ ਹੈਡਕੁਆਰਟਰ ਦਫਤਰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਐਸਏਐਸ ਨਗਰ (ਮੁਹਾਲੀ) ਨਿਸ਼ਚਿਤ ਕੀਤਾ ਗਿਆ ਹੈ। ਸਰਕਾਰ ਨੇ ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਦਾ ਵਾਧੂ ਚਾਰਜ ਸੰਦੀਪ ਕੁਮਾਰ, ਮੁੱਖ ਖੇਤੀਬਾੜੀ ਅਫਸਰ, ਫਾਜ਼ਿਲਕਾ ਨੂੰ ਬਿਨਾਂ ਕਿਸੇ ਵਾਧੂ ਮਿਹਨਤਾਨੇ ਤੋਂ ਅਗਲੇ ਹੁਕਮਾਂ ਤੱਕ ਦਿੱਤਾ ਹੈ।
You must be logged in to post a comment Login