ਡੀਜੀਸੀਏ ਵੱਲੋਂ ਏਅਰ ਇੰਡੀਆ ਨੂੰ ਜਹਾਜ਼ਾਂ ਦੇ ਆਰ ਏ ਟੀ ਦੀ ਮੁੜ ਜਾਂਚ ਕਰਨ ਦੇ ਨਿਰਦੇਸ਼

ਡੀਜੀਸੀਏ ਵੱਲੋਂ ਏਅਰ ਇੰਡੀਆ ਨੂੰ ਜਹਾਜ਼ਾਂ ਦੇ ਆਰ ਏ ਟੀ ਦੀ ਮੁੜ ਜਾਂਚ ਕਰਨ ਦੇ ਨਿਰਦੇਸ਼

ਭਾਰਤ ਦੀ ਹਵਾਈ ਸੁਰੱਖਿਆ ਏਜੰਸੀ ਡੀ ਜੀ ਸੀ ਏ ਨੇ ਏਅਰ ਇੰਡੀਆ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਉਨ੍ਹਾਂ ਸਾਰੇ ਜਹਾਜ਼ਾਂ ਵਿਚਲੇ ਆਰ ਏ ਟੀ (ਐਮਰਜੈਂਸੀ ਪਾਵਰ ਸੋਰਸ) ਦੀ ਮੁੜ ਜਾਂਚ ਕਰੇ ਜਿਨ੍ਹਾਂ ਦੇ ਪਾਵਰ ਕੰਡੀਸ਼ਨਿੰਗ ਮੋਡਿਊਲ ਨੂੰ ਹਾਲ ਹੀ ਵਿੱਚ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ ਵਲੋਂ ਬਦਲ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਏਵੀਏਸ਼ਨ ਸੇਫਟੀ ਰੈਗੂਲੇਟਰ ਨੇ ਅਮਰੀਕੀ ਜਹਾਜ਼ ਨਿਰਮਾਤਾ ਬੋਇੰਗ ਤੋਂ ਬਿਨਾਂ ਕਿਸੇ ਕਮਾਂਡ ਦੇ ਰੈਮ ਏਅਰ ਟਰਬਾਈਨ (ਆਰ ਏ ਟੀ) ਦੇ ਕੰਮ ਕਰਨ ਦੇ ਸਬੰਧ ਵਿਚ ਲਾਗੂ ਕੀਤੇ ਜਾਣ ਵਾਲੇ ਰੋਕਥਾਮ ਦੇ ਢੰਗ ਤੇ ਤਰੀਕਿਆਂ ਬਾਰੇ ਵਿਸਥਾਰਤ ਰਿਪੋਰਟ ਮੰਗੀ ਹੈ। ਜ਼ਿਕਰਯੋਗ ਹੈ ਕਿ ਆਰ ਏ ਟੀ ਇਕ ਛੋਟਾ ਟਰਬਾਈਨ ਸਿਸਟਮ ਹੁੰਦਾ ਹੈ ਜੋ ਜਹਾਜ਼ ਦੇ ਹੇਠਾਂ ਲੱਗਿਆ ਹੁੰਦਾ ਹੈ ਤੇ ਜਦੋਂ ਜਹਾਜ਼ ਦੀ ਬਿਜਲੀ ਜਾਂ ਇੰਜਣ ਫੇਲ੍ਹ ਹੋ ਜਾਵੇ ਤਾਂ ਇਹ ਇਹ ਟਰਬਾਈਨ ਹਵਾ ਦੇ ਦਬਾਅ ਨਾਲ ਹੰਗਾਮੀ ਹਾਲਤ ਵਿਚ ਬਿਜਲੀ ਪੈਦਾ ਕਰਦੀ ਹੈ ਤੇ ਜਹਾਜ਼ ਦਾ ਪਾਇਲਟ ਇਸ ਸਮੇਂ ਦੌਰਾਨ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾ ਸਕਦਾ ਹੈ ਪਰ ਬਰਮਿੰਘਮ ਜਾਣ ਵਾਲੀ ਉਡਾਣ ਵਿਚ ਬਿਨਾਂ ਕਿਸੇ ਨੁਕਸ ਦੇ ਇਹ ਆਰ ਏ ਟੀ ਆਪਣੇ ਆਪ ਚਾਲੂ ਹੋ ਗਿਆ ਸੀ।ਡੀਜੀਸੀਏ ਨੇ ਹਾਲ ਹੀ ਵਿੱਚ ਏਅਰ ਇੰਡੀਆ 787 ਜਹਾਜ਼ਾਂ ਨਾਲ ਜੁੜੀਆਂ ਦੋ ਘਟਨਾਵਾਂ ਦੇ ਮੱਦੇਨਜ਼ਰ ਇਹ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਪਾਇਲਟਾਂ ਦੇ ਸਮੂਹ ਫੈਡਰੇਸ਼ਨ ਆਫ ਇੰਡੀਅਨ ਪਾਇਲਟਸ (ਐਫ ਆਈ ਪੀ) ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਏਅਰ ਇੰਡੀਆ ਦੇ ਸਾਰੇ ਬੀ787 ਜਹਾਜ਼ਾਂ ਦੇ ਬੇੜੇ ਨੂੰ ਹਾਲ ਦੀ ਘੜੀ ਨਾ ਚਲਾਉਣ ਦੀ ਅਪੀਲ ਕਰਦਿਆਂ ਏਅਰਲਾਈਨ ਦਾ ਇੱਕ ਵਿਸ਼ੇਸ਼ ਆਡਿਟ ਵੀ ਕਰਵਾਉਣ ਲਈ ਕਿਹਾ ਸੀ।ਜ਼ਿਕਰਯੋਗ ਹੈ ਕਿ ਚਾਰ ਅਕਤੂਬਰ ਨੂੰ ਏਅਰ ਇੰਡੀਆ ਦੀ ਬੋਇੰਗ 787 ਉਡਾਣ ਜਦੋਂ ਅੰਮ੍ਰਿਤਸਰ ਤੋਂ ਬਰਮਿੰਘਮ ਜਾ ਰਹੀ ਸੀ ਤਾਂ ਲੈਂਡਿੰਗ ਤੋਂ ਕੁਝ ਸਮੇਂ ਪਹਿਲਾਂ ਹੀ ਆਪਣੇ ਆਪ ਆਰ ਏ ਟੀ ਇੰਸਟਾਲ ਹੋ ਗਿਆ ਸੀ। ਇਸ ਤੋਂ ਇਲਾਵਾ ਏਅਰ ਇੰਡੀਆ ਦੀ 9 ਅਕਤੂਬਰ ਨੂੰ ਵਿਆਨਾ ਤੋਂ ਦਿੱਲੀ ਜਾ ਰਹੀ AI-154 ਉਡਾਣ ਤਕਨੀਕੀ ਨੁਕਸ ਕਾਰਨ ਦੁਬਈ ਤਬਦੀਲ ਕਰ ਦਿੱਤੀ ਗਈ ਸੀ।

You must be logged in to post a comment Login