ਡੇਢ ਸਾਲ ‘ਚ ਵਿਧਾਇਕ ਦਲ ਦਾ ਆਗੂ ਤੱਕ ਨਹੀਂ ਚੁਣ ਸਕੀ ਭਾਜਪਾ

ਡੇਢ ਸਾਲ ‘ਚ ਵਿਧਾਇਕ ਦਲ ਦਾ ਆਗੂ ਤੱਕ ਨਹੀਂ ਚੁਣ ਸਕੀ ਭਾਜਪਾ

ਜਲੰਧਰ – ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਕਹਿਲਾਉਣ ਵਾਲੀ ਭਾਜਪਾ ਇਕ ਪਾਸੇ ਜ਼ੋਰਾਂ ਸ਼ੋਰਾਂ ਨਾਲ 2019 ਲੋਕ ਸਭਾ ਚੋਣਾਂ ਦੀ ਤਿਆਰੀ ‘ਚ ਜੁਟੀ ਹੋਈ ਹੈ ਪਰ ਪੰਜਾਬ ‘ਚ ਇਸ ਪਾਰਟੀ ਦਾ ਰੱਬ ਹੀ ਰਾਖਾ ਹੈ। ਪੰਜਾਬ ਵਿਚ ਸਿਰਫ ਤਿੰਨ ਵਿਧਾਇਕਾਂ ਤੱਕ ਸਿਮਟਣ ਵਾਲੀ ਭਾਜਪਾ ਡੇਢ ਸਾਲ ਬੀਤ ਜਾਣ ਤੋਂ ਬਾਅਦ ਪਾਰਟੀ ਵਿਧਾਇਕ ਦਲ ਦਾ ਆਗੂ ਤੱਕ ਨਹੀਂ ਲੱਭ ਸਕੀ। ਵਿਧਾਇਕ ਦਲ ਦਾ ਆਗੂ ਨਾ ਹੋਣ ਕਾਰਨ ਭਗਵਾਂ ਪਾਰਟੀ ਪੰਜਾਬ ਵਿਧਾਨ ਸਭਾ ‘ਚ ਪੂਰੀ ਤਰ੍ਹਾਂ ਜ਼ੀਰੋ ਹੋ ਕੇ ਰਹਿ ਗਈ ਹੈ। ਨਾ ਤਾਂ ਪਾਰਟੀ ਵੱਲੋਂ ਸਰਕਾਰ ਖਿਲਾਫ ਮਜ਼ਬੂਤੀ ਨਾਲ ਕੋਈ ਲੜਾਈ ਵਿਧਾਨ ਸਭਾ ਦੇ ਅੰਦਰ ਹੀ ਲੜੀ ਜਾ ਰਹੀ ਹੈ ਅਤੇ ਨਾ ਹੀ ਸਰਕਾਰ ਖਿਲਾਫ ਬਾਹਰ ਹੀ ਭਾਜਪਾ ਕੋਈ ਮੋਰਚਾ ਖੋਲ੍ਹ ਪਾ ਰਹੀ ਹੈ। 2017 ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੇ ਖਿਲਾਫ ਸੂਬਾ ਭਰ ਵਿਚ ਅਜਿਹੀ ਲਹਿਰ ਚੱਲੀ ਸੀ ਕਿ 23 ਸੀਟਾਂ ‘ਤੇ ਚੋਣਾਂ ਲੜਨ ਵਾਲੀ ਪਾਰਟੀ ਸਿਰਫ ਤਿੰਨ ਆਗੂ ਹੀ ਵਿਧਾਨ ਸਭਾ ਵਿਚ ਪਹੁੰਚਣ ਵਿਚ ਸਫਲ ਰਹੇ। ਮਾਝਾ, ਮਾਲਵਾ ਅਤੇ ਦੋਆਬਾ ‘ਚ ਇਕ-ਇਕ ਆਗੂ ਹੀ ਆਪਣਾ ਝੰਡਾ ਲਹਿਰਾਉਣ ਵਿਚ ਸਫਲ ਰਿਹਾ। ਜਦੋਂਕਿ ਕਈ ਵੱਡੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਹਾਰ ਗਏ ਸਨ। ਮਾਝਾ ਤੋਂ ਬਾਜ਼ੀ ਮਾਰੀ ਸੀ ਦਿਨੇਸ਼ ਬੱਬੂ ਨੇ ਜੋ ਲਗਾਤਾਰ ਦੂਜੀ ਵਾਰ ਸੁਜਾਨਪੁਰ ਸੀਟ ਤੋਂ ਜਿੱਤੇ ਸਨ। ਉਥੇ ਮਾਲਵਾ ਤੋਂ ਅਰੁਣ ਨਾਰੰਗ ਨੇ ਬਾਜ਼ੀ ਮਾਰੀ ਸੀ ਜੋ ਅਬੋਹਰ ਸੀਟ ਤੋਂ ਕਾਂਗਰਸ ਦੇ ਵੱਡੇ ਆਗੂ ਸੁਨੀਲ ਜਾਖੜ ਨੂੰ ਹਰਾ ਕੇ ਵਿਧਾਨ ਸਭਾ ਪਹੁੰਚੇ ਸਨ। ਉਥੇ ਦੋਆਬਾ ਤੋਂ ਵਿਜੇ ਸਾਂਪਲਾ ਕੈਂਪ ਦੇ ਵਿਰੋਧ ਵਿਚ ਝੰਡਾ ਬੁਲੰਦ ਕਰਨ ਵਾਲੇ ਸੋਮ ਪ੍ਰਕਾਸ਼ ਲਗਾਤਾਰ ਦੂਜੀ ਵਾਰ ਫਗਵਾੜਾ ਸੀਟ ਤੋਂ ਜਿੱਤ ਕੇ ਵਿਧਾਨ ਸਭਾ ਗਏ ਸਨ ਪਰ ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ ਪਾਰਟੀ ਹਾਈਮਾਨ ਇਨ੍ਹਾਂ ਤਿੰਨਾਂ ਵਿਧਾਇਕਾਂ ਵਿਚੋਂ ਵਿਧਾਇਕ ਦਲ ਦਾ ਆਗੂ ਨਹੀਂ ਚੁਣ ਸਕੀ।

You must be logged in to post a comment Login