ਢਾਹ ਕੇ ਦਲਾਨ ਤੇ ਪਾ ਲਈਆਂ ਕੋਠੀਆਂ

ਢਾਹ ਕੇ ਦਲਾਨ ਤੇ ਪਾ ਲਈਆਂ ਕੋਠੀਆਂ
ਲਖਵਿੰਦਰ ਜੌਹਲ ‘ਧੱਲੇਕੇ’

ਬਲਵਾਨ ਸਮੇਂ ਦੇ ਗੇੜ ਅੱਗੇ ਕਦੇ ਕੁਝ ਇੱਕੋ ਜਿਹਾ ਨਾ ਰਹਿ ਸਕਿਆ ਤੇ ਬਦਲਦੇ ਸਮੇਂ ਦੇ ਨਾਲ ਨਾਲ ਦੁਨੀਆਂ ਬਦਲਦੀ ਗਈ, ਲੋਕ ਬਦਲਦੇ ਗਏ ਅਤੇ ਰਹਿਣ ਸਹਿਣ ਵੀ ਬਦਲਦਾ ਗਿਆ। ਇੱਕ ਦੋ ਪੁਰਾਣੀਆਂ ਪੀੜ੍ਹੀਆਂ ਦੇ ਜਿਹੜੇ ਪੰਜਾਬੀਆਂ ਨੇ ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਵਾਲਾ ਪੰਜਾਬ ਵੇਖਿਆ ਹੋਇਆ ਹੈ ਉਨ੍ਹਾਂ ਲਈ ਪੰਜਾਬ ਦਾ ਉਹ ਦੌਰ ਵੀ ਸੁਨਿਹਰੀ ਦੌਰ ਹੀ ਸੀ। ਪਿੰਡਾਂ ਵਿੱਚ ਮੋਬਾਇਲ ਅਤੇ ਟੈਲੀਵਿਯਨ ਹਜੇ ਆਮ ਨਹੀਂ ਸਨ ਤਾਂ ਲੋਕ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਇਕੱਠੇ ਬੈਠਦੇ ਸਨ, ਤੇ ਟਿਕਾਣੇ ਹੁੰਦੇ ਸਨ ਸੱਥਾਂ, ਖੂਹ ਅਤੇ ਦਰਵਾਜ਼ੇ। ਇਸਤੋਂ ਬਿਨ੍ਹਾਂ ਦਾਣੇ ਭੁੰਨਣ ਵਾਲ਼ੀਆਂ ਦੀਆਂ ਭੱਠੀਆਂ ਤੇ ਆਥਣ ਵੇਲੇ ਨੂੰ ਖ਼ੂਬ ਰੌਣਕਾਂ ਲੱਗਦੀਆਂ। ਇਨ੍ਹਾਂ ਸਾਰੀਆਂ ਥਾਂਵਾਂ ਉੱਤੇ ਸਾਰੇ ਜੱਗ ਜਹਾਨ ਦੀਆਂ ਗੱਲਾਂ ਵੀ ਸਾਂਝੀਆਂ ਹੁੰਦੀਆਂ, ਇਸ ਕਰਕੇ ਸਿਆਣਿਆਂ ਨੇ ਸੱਚ ਹੀ ਕਿਹਾ ਸੀ:
ਹੱਟੀ ਭੱਠੀ ਖੂਹ ਦਰਵਾਜ਼ੇ
ਗੱਲਾਂ ਹੋਣ ਜਹਾਨ ਦੀਆਂ।

ਇਨ੍ਹਾਂ ਥਾਂਵਾਂ ਤੋਂ ਇਲਾਵਾ ਪੁਰਾਣੇ ਸਮਿਆਂ ਵਿੱਚ ਜਿਆਦਾਤਰ ਘਰਾਂ ਦੇ ਮੁੱਖ ਦਰਵਾਜ਼ੇ ਦੇ ਨਾਲ ਹੀ ਛੱਤ ਪਾਕੇ ਦਲਾਨ ਬਣੇ ਹੁੰਦੇ ਸਨ ਅਤੇ ਇਹ ਕੱਚੇ ਵੀ ਹੁੰਦੇ ਸਨ ਅਤੇ ਪੱਕੇ ਵੀ। ਕਈ ਜੀਆਂ ਵਾਲੇ ਵੱਡੇ ਵੱਡੇ ਸਾਂਝੇ ਟੱਬਰ ਇਨ੍ਹਾਂ ਘਰਾਂ ਵਿੱਚ ਰਹਿੰਦੇ ਹੁੰਦੇ ਸਨ। ਹਰ ਇੱਕ ਟੱਬਰ ਨੂੰ ਇਸਦੇ ਬੜੇ ਫਾਇਦੇ ਹੁੰਦੇ ਸਨ। ਇਨ੍ਹਾਂ ਖੁੱਲ੍ਹੇ ਅਤੇ ਹਵਾਲਦਾਰ ਦਲਾਨਾਂ ਵਿੱਚ ਸਾਰਾ ਸਾਰਾ ਦਿਨ ਕਦੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਘਰ ਦੇ ਸਾਰੇ ਜੀਅ ਇਕੱਠੇ ਹੋ ਕੇ ਦਲਾਨਾਂ ਵਿੱਚ ਬੈਠਦੇ ਹੁੰਦੇ ਸਨ ਅਤੇ ਆਮ ਤੌਰ ਤੇ ਘਰ ਦੇ ਵੱਡੇ ਬਜ਼ੁਰਗ ਸਾਰਾ ਦਿਨ ਇਨ੍ਹਾਂ ਦਲਾਨਾਂ ਵਿੱਚ ਹੀ ਬੈਠੇ ਰਹਿੰਦੇ ਸਨ। ਆਂਢਣਾਂ ਗੁਆਂਢਣਾਂ ਕੱਠੀਆਂ ਹੋ ਕੇ ਦਲਾਨਾਂ ਵਿੱਚ ਖ਼ੂਬ ਰੌਣਕਾਂ ਲਾਉਂਦੀਆਂ। ਇੱਥੇ ਹੀ ਕੁੜੀਆਂ ਚਿੜੀਆਂ ਕੱਠੀਆਂ ਹੋਕੇ ਕਤਾਈ, ਬੁਣਾਈ ਅਤੇ ਹੋਰ ਨਿੱਕੇ ਮੋਟੇ ਕੰਮ ਧੰਦੇ ਕਰਦੀਆਂ ਰਹਿੰਦੀਆਂ। ਰਾਤਾਂ ਨੂੰ ਘਰ ਦੇ ਕਈ ਸਿਆਣੇ ਅਤੇ ਨਿਆਣੇ ਦਲਾਨਾਂ ਵਿੱਚ ਹੀ ਮੰਜੇ ਡਾਹ ਕੇ ਸੌਂ ਜਾਂਦੇ। ਘਰ ਆਏ ਓਪਰੇ ਬੰਦੇ ਅਤੇ ਪ੍ਰਾਹੁਣੇ ਧ੍ਰਾਹੁਣੇ ਦਾ ਸੁਆਗਤ ਜਿਆਦਾਤਰ ਦਲਾਨ ਵਿੱਚ ਹੀ ਬੈਠੇ ਕਿਸੇ ਘਰ ਦੇ ਜੀਅ ਵੱਲੋਂ ਸਭ ਤੋਂ ਪਹਿਲਾਂ ਕੀਤਾ ਜਾਂਦਾ ਹੁੰਦਾ ਸੀ। ਕੁਝ ਸਰਦੇ ਪੁੱਜਦੇ ਪਰਿਵਾਰਾਂ ਵੱਲੋਂ ਦਲਾਨ ਦੇ ਸਿਰਿਆਂ ਨਾਲ ਹੈਸੀਅਤ ਮੁਤਾਬਕ ਬੈਠਕਾਂ ਵੀ ਬਣਾਈਆਂ ਜਾਂਦੀਆਂ ਹੁੰਦੀਆਂ ਸਨ, ਜਿੱਥੇ ਆਏ ਕਿਸੇ ਮਹਿਮਾਨ ਨੂੰ ਠਹਿਰਾਇਆ ਜਾਂਦਾ ਸੀ। ਹੋਰ ਤਾਂ ਹੋਰ ਘਰ ਨਵਾਂ ਆਇਆ ਅਨਾਜ ਵੀ ਮੀਂਹ ਕਣੀ ਤੋਂ ਬਚਾਅ ਲਈ ਉਦੋਂ ਤੱਕ ਦਲਾਨਾਂ ਵਿੱਚ ਹੀ ਰੱਖ ਲਿਆ ਜਾਂਦਾ ਹੁੰਦਾ ਸੀ ਜਦੋਂ ਤੱਕ ਭੜੋਲੀਆਂ ਵਿੱਚ ਸੰਭਾਲ ਨਾ ਲਿਆ ਜਾਂਦਾ। ਜੋਗੀ ਅਤੇ ਫਕੀਰ ਲੋਕ ਇਨ੍ਹਾਂ ਦਰਵਾਜ਼ਿਆਂ ਅੱਗੇ ਆਣ ਅਲਖ ਜਗਾਉਂਦੇ ਅਤੇ ਭਿੱਖਿਆ ਮੰਗਦੇ। ਵਿਆਹ ਵੇਲੇ ਨਾਨਕਾ ਮੇਲ ਜਦੋਂ ਦਰਵਾਜ਼ੇ ਤੇ ਆ ਜਾਂਦਾ ਤਾਂ ਤੇਲ ਚੋਅ ਕੇ ਨਾਨਕਿਆਂ ਨੂੰ ਜੀ ਆਇਆ ਨੂੰ ਆਖਿਆ ਜਾਂਦਾ। ਬੋਲੀਆਂ ਵਿੱਚ ਦਾਦਕੀਆਂ ਮਾਮਾ ਮਾਮੀ ਨੂੰ ਟਿੱਚਰ ਕਰਦੀਆਂ:
ਰੜਕੇ ਰੜਕੇ ਰੜਕੇ…
ਨਾਨਕਾ ਸ਼ੱਕ ਦਾ ਵੇਲਾ ਹੋ ਗਿਆ…
ਮਾਮਾ ਮਾਮੀ ਲੜਪੇ…
ਨੀ ਮਾਮਾ ਮਾਮੀ ਨੇ…
ਕੁੱਟਿਆ ਦਲਾਨ ਵਿੱਚ ਖੜ੍ਹਕੇ…

ਅੱਜ ਵੀ ਬਹੁਤੇ ਪਿੰਡਾਂ ਵਿੱਚ ਪੁਰਾਣੇ ਡਿਜ਼ਾਇਨ ਵਾਲੇ ਦਰਵਾਜ਼ੇ ਅਤੇ ਦਲਾਨਾਂ ਵਾਲੇ ਘਰ ਹਜੇ ਬਚੇ ਹੋਏ ਹਨ। ਕਈ ਸ਼ੌਂਕੀ ਲੋਕਾਂ ਵੱਲੋਂ ਤਾਂ ਆਪਣੇ ਬਜ਼ੁਰਗਾਂ ਦੀਆਂ ਇਹ ਨਿਸ਼ਾਨੀਆਂ ਨੂੰ ਸਾਂਭ ਸੰਭਾਲ਼ਕੇ ਰੱਖਿਆ ਹੋਇਆ ਹੈ, ਪਰ ਜਿਆਦਾਤਰ ਇਹ ਮਕਾਨ ਹੁਣ ਅਣਗੌਲੇ ਜਾ ਰਹੇ ਹਨ। ਮੇਰੇ ਪਿੰਡ ਵੀ ਪੁਰਾਣੀ ਅੰਦਰਲੀ ਫਿਰਨੀ ਤੇ ਉੱਤਰ ਵੱਲ ਘੜਿਆਲੇ ਛੱਪੜ ਦੇ ਨੇੜੇ ਹਜੇ ਪੁਰਾਣੇ ਦਲਾਨਾਂ ਅਤੇ ਦਰਵਾਜ਼ਿਆਂ ਵਾਲੇ ਦੋ ਮਕਾਨ ਹਜੇ ਸਹੀ ਸਲਾਮਤ ਖੜ੍ਹੇ ਹੋਏ ਹਨ। ਜਦੋਂ ਹਾਲੇ ਪਿੰਡ ਪੁਰਾਣੀ ਫਿਰਨੀ ਤੋਂ ਬਾਹਰ ਨਹੀਂ ਸੀ ਵਧਿਆ ਤਾਂ ਸੋਚਕੇ ਦੇਖਿਆਂ ਜਾ ਸਕਦਾ ਹੈ ਕਿ ਉਸ ਸਮੇਂ ਇਨ੍ਹਾਂ ਦੀ ਕਿੰਨੀ ਟੌਹਰ ਹੁੰਦੀ ਹੋਵੇਗੀ। ਪਹਿਲਾ ਜੋ ਦਰਵਾਜ਼ਾ ਹੈ ਉਸ ਉੱਤੇ ਖੱਬੇ ਪਾਸੇ ਉਰਦੂ ਵਿੱਚ ਲਿਖਿਆ ਹੋਇਆ ਹੈ,”ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਲਕ ਮਕਾਨ ਸਰਦਾਰ ਕੇਹਰ ਸਿੰਘ”। ਵਿਚਕਾਰ ਗੁਰੂ ਨਾਨਕ ਦੇਵ ਜੀ ਦਾ ਰੰਗੀਨ ਚਿੱਤਰ ਬਣਿਆਂ ਹੋਇਆ ਹੈ, ਤੇ ਸੱਜੇ ਪਾਸੇ ਗੁਰਮੁਖੀ ਵਿੱਚ ਲਿਖਿਆ ਹੋਇਆ ਹੈ, ”ਸਤਿਨਾਮ, ਮਾਲਕ ਸਰਦਾਰ ਕੇਹਰ ਸਿੰਘ”। ਦਰਵਾਜ਼ੇ ਦੀ ਬਣਤਰ ਬਿਲਕੁਲ ਪੁਰਾਣੇ ਜ਼ਮਾਨੇ ਦੀ ਹੈ। ਇਸ ਉੱਪਰ ਕੀਤਾ ਹੋਇਆ ਰੰਗ ਸ਼ਾਇਦ ਉਦੋਂ ਦਾ ਹੀ ਹੈ। ਸਮੇਂ ਨਾਲ ਰੰਗ ਭਾਂਵੇ ਫਿੱਕਾ ਪੈ ਗਿਆ ਹੈ, ਪਰ ਅੱਜ ਵੀ ਚੰਗੀ ਤਰਾਂ ਜੋ ਲਿਖਿਆ ਹੈ ਪੜ੍ਹਿਆ ਜਾ ਸਕਦਾ ਹੈ। ਇਸ ਤੋਂ ਬਿਨ੍ਹਾਂ ਅਦਭੁੱਤ ਕਲਾ ਦੇ ਨਮੂਨੇ ਨੇ ਜੋ ਉਸ ਜ਼ਮਾਨੇ ਦੇ ਕਾਰੀਗਰਾਂ ਦੀ ਕੀਤੀ ਮਿਹਨਤ ਤੇ ਹੁਨਰ ਦੀ ਗਵਾਹੀ ਭਰਦੇ ਨੇ। ਇਸ ਦਰਵਾਜ਼ੇ ਵਾਲੇ ਘਰ ਦੇ ਅੰਦਰ ਕੌਣ ਪਰਿਵਾਰ ਹੁਣ ਰਹਿ ਰਿਹਾ ਹੈ ਜਾਂ ਇਹ ਘਰ ਹੁਣ ਕਿਸਦੀ ਮਲਕੀਅਤ ਹੈ ਇਸ ਬਾਬਤ ਕੋਈ ਜਾਣਕਾਰੀ ਨਹੀਂ ਹੈ। ਜਦੋਂ ਕਿ ਬਿਲਕੁਲ ਇਸਦੇ ਨਾਲ ਲੱਗਦੇ ਹਰੇ ਰੰਗ ਵਾਲੇ ਪੁਰਾਣੇ ਦਰਵਾਜ਼ੇ ਵਾਲਾ ਘਰ ਪਿੰਡ ਦੇ ਹੀ ਸ੍ਰ. ਠਾਣਾ ਸਿੰਘ ਦਾ ਹੈ ਜਿੰਨ੍ਹਾਂ ਦਾ ਪੂਰਾ ਪਰਿਵਾਰ ਵਿਦੇਸ਼ ਰਹਿੰਦਾ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਇਸ ਦਰਵਾਜ਼ੇ ਤੇ ਦਲਾਨ ਦੀ ਲੋੜੀਂਦੀ ਮੁਰੰਮਤ ਕਰਵਾਕੇ ਰੰਗ ਕਰਵਾ ਦਿੱਤਾ। ਇਸ ਦਰਵਾਜ਼ੇ ਉੱਪਰ ਵਿਚਕਾਰ ਗੁਰੂ ਗੋਬਿੰਦ ਸਿੰਘ ਜੀ ਦੀ ਉੱਭਰਵੀ ਤਸਵੀਰ ਬਣੀ ਹੋਈ ਹੈ ਅਤੇ ਥੱਲੇ ਇਸ ਦਰਵਾਜ਼ੇ ਦੇ ਬਣਨ ਦਾ ਸਾਲ ਤੇ ਮਹੀਨਾ ਲਿਖਿਆ ਹੋਇਆ ਹੈ( ਜੂਨ, 1941)। ਜਿਸਤੋਂ ਇਹ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਦੋਵੇਂ ਦਰਵਾਜ਼ੇ ਸੰਤਾਲੀ ਦੀ ਵੰਡ ਤੋਂ ਪਹਿਲਾਂ ਤਾਮੀਰ ਹੋਏ ਨੇ। ਦੋਵੇਂ ਮਕਾਨਾਂ ਦੇ ਮੁੱਖ ਦਰਵਾਜ਼ਿਆਂ ਤੇ ਬਣੇ ਦੀਵੇ ਰੱਖਣ ਵਾਲੇ ਆਲੇ, ਵੇਲ-ਬੂਟੀਆਂ ਅਤੇ ਫੁੱਲਾਂ ਦੇ ਹੋਰ ਡਿਜ਼ਾਇਨ ਹਰ ਇੱਕ ਨੂੰ ਹੀ ਬਹੁਤ ਹੈਰਾਨ ਕਰਦੇ ਹਨ ਕਿ ਕਿੰਨੇ ਸਬਰ ਅਤੇ ਮਿਹਨਤ ਨਾਲ ਕਾਰੀਗਰਾਂ ਨੇ ਇਹ ਕੰਮ ਕੀਤਾ ਹੋਵੇਗਾ। ਬਜ਼ੁਰਗਾਂ ਮੁਤਾਬਕ ਇਹੋ ਜਿਹੇ ਦਰਵਾਜ਼ੇ ਬਣਾਉਣ ਦੇ ਮਾਹਰ ਕੁਝ ਗਿਣੇ ਚੁਣੇ ਕਾਰੀਗਰ ਹੁੰਦੇ ਸਨ। ਚਿਣਾਈ ਜਿਆਦਾਤਰ ਚੂਨੇ ਦੀ ਹੀ ਹੁੰਦੀ ਸੀ। ਕਹਿੰਦੇ ਨੇ ਕਿ ਸੀਮਿੰਟ ਦੀ ਚਿਣਾਈ ਦੀ ਮੁਨਿਆਦ ਪੰਜਾਹ ਸਾਲ ਤੱਕ ਮਿਥੀ ਜਾਂਦੀ ਹੈ ਜਦੋਂਕਿ ਚੂਨੇ ਦੀ ਉਮਰ ਹੀ ਪੰਜਾਹ ਸਾਲ ਤੋਂ ਸ਼ੁਰੂ ਹੁੰਦੀ ਹੈ ਅਤੇ ਸਦੀਆਂ ਤੱਕ ਇਸਦੀ ਮੁਨਿਆਦ ਹੁੰਦੀ ਹੈ। ਇਹ ਗੱਲ ਵੀ ਸੱਚ ਹੀ ਜਾਪਦੀ ਹੈ ਤੇ ਆਸਪਾਸ ਪੁਰਾਣੀਆਂ ਇਮਾਰਤਾਂ ਤੋਂ ਇਸਦੀ ਪੁਸ਼ਟੀ ਵੀ ਕੀਤੀ ਜਾ ਸਕਦੀ ਹੈ। ਕਿਸੇ ਵੇਲੇ ਜਦੋਂ ਇਹ ਪੁਰਾਣੇ ਘਰਾਂ ਵਾਲੀ ਗਲੀ ਪਿੰਡ ਦੀ ਬਾਹਰਲੀ ਫਿਰਨੀ ਹੁੰਦੀ ਹੋਵੇਗੀ ਤਾਂ ਇਹ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਇਹੋ ਜਿਹੇ ਹੋਰ ਵੀ ਕਈ ਘਰ ਹੁੰਦੇ ਹੋਣਗੇ ਜੋ ਤਰੱਕੀ ਦੀ ਭੇਂਟ ਚੜ੍ਹ ਗਏ ਨੇ ਜਦੋਂਕਿ ਇਹ ਦੋ ਘਰ ਤੇ ਦਰਵਾਜ਼ੇ ਹਜੇ ਬਚੇ ਹੋਏ ਨੇ। ਇੰਨ੍ਹਾਂ ਦੋਨਾਂ ਦਰਵਾਜ਼ਿਆਂ ਨਾਲ ਵੱਡੇ ਵੱਡੇ ਭਾਰੀ ਅਤੇ ਮਜ਼ਬੂਤ ਸ਼ਤੀਰਾਂ ਸਹਾਰੇ ਖੜ੍ਹੇ ਦਲਾਨ ਹਜੇ ਵੀ ਵੇਖੇ ਜਾ ਸਕਦੇ ਹਨ।
ਬਦਲਦੇ ਸਮੇਂ ਨਾਲ ਨਾਲ ਲੋਕਾ ਨੇ ਨਵੇਂ ਘਰ ਬਣਾਉਣੇ ਸ਼ੁਰੂ ਕੀਤੇ ਤਾਂ ਬਹੁਤੇ ਪੁਰਾਣੇ ਦਰਵਾਜ਼ੇ ਅਤੇ ਦਲਾਨ ਢਾਹ ਦਿੱਤੇ ਗਏ। ਨਵੀਂ ਤਕਨੀਕ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਆਲੀਸ਼ਾਨ ਕੋਠੀਆਂ ਉਸਾਰ ਲਈਆਂ ਗਈਆਂ। ਬਹੁਤੇ ਪਰਿਵਾਰ ਤਾਂ ਪਿੰਡਾਂ ਵਿੱਚੋਂ ਉੱਠਕੇ ਬਾਹਰ ਨਿਆਈਆਂ ਵਿੱਚ ਨਵੇਂ ਘਰ ਅਤੇ ਕੋਠੀਆਂ ਪਾਕੇ ਰਹਿਣ ਲੱਗ ਪਏ ਤੇ ਪਿੰਡਾਂ ਵਿੱਚ ਰੌਣਕ ਘਟਣੀ ਸ਼ੁਰੂ ਹੋ ਗਈ। ਘਰ ਘਰ ਮੋਬਾਇਲ ਅਤੇ ਟੈਲੀਵਿਯਨ ਆਮ ਆ ਗਏ। ਆਪਸੀ ਸਾਂਝ ਅਤੇ ਮੋਹ ਪਿਆਰ ਖਤਮ ਹੋ ਗਏ ਜਦੋਂਕਿ ਪਹਿਲਾਂ ਕਦੇ ਇੱਕ ਦੂਜੇ ਨਾਲ ਮਿਲਦਿਆਂ ਚਾਅ ਜਿਹਾ ਚੜ੍ਹ ਜਾਣਾ। ਪਿੰਡਾਂ ਵਿੱਚ ਭਾਈਚਾਰਕ ਸਾਂਝ ਦਾ ਖ਼ਾਤਮਾ ਸਭ ਤੋਂ ਪਹਿਲਾਂ ਸਿਆਸੀ ਪਾਰਟੀਬਾਜ਼ੀ ਨੇ ਕੀਤਾ। ਜਿਹੜੇ ਦਲਾਨਾਂ ਵਿੱਚ ਕਦੇ ਟੱਬਰਾਂ ਦੇ ਟੱਬਰ ਇਕੱਠੇ ਹੋ ਕੇ ਬੈਠਦੇ ਸਨ ਉਹ ਹੁਣ ਬਹੁਤੇ ਬਚੇ ਨਹੀਂ ਅਤੇ ਜਿਹੜੇ ਬਚੇ ਹੋਏ ਨੇ ਉਨ੍ਹਾਂ ਘਰਾਂ ਨੂੰ ਜਿਆਦਾਤਰ ਤਾਲੇ ਲੱਗੇ ਹੋਏ ਨੇ। ਬਹਤੁੇ ਪੁਰਾਣੇ ਦਲਾਨ ਜਾਂ ਤਾਂ ਅੱਜ-ਕੱਲ੍ਹ ਤੂੜੀ ਨਾਲ ਡੱਕੇ ਹੋਏ ਨੇ ਜਾਂ ਫਿਰ ਬਹੁਤਿਆਂ ਵਿੱਚ ਪਸ਼ੂ ਬੰਨ੍ਹੇ ਹੋਏ ਹੀ ਮਿਲਦੇ ਹਨ। ਵੱਡੇ ਸਾਂਝੇ ਟੱਬਰ ਟੁੱਟ ਚੁੱਕੇ ਹਨ। ਇਕੱਠੇ ਹੋ ਕੇ ਬੈਠਣ ਦਾ ਵਿਹਲ ਅੱਜ-ਕੱਲ੍ਹ ਕਿਸੇ ਕੋਲ ਵੀ ਨਹੀਂ। ਟੱਬਰਾਂ ਦੇ ਟੱਬਰ ਆਏ ਦਿਨ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਬਹੁਤੀਆਂ ਕੋਠੀਆਂ ਵੀਰਾਨ ਪਈਆਂ ਹਨ ਅਤੇ ਦਰਵਾਜ਼ਿਆਂ ਤੇ ਜਿੰਦਰੇ ਲੱਗੇ ਹੋਏ ਹਨ। ਮੈਂ ਕਦੇ ਕਦੇ ਸੋਚਦਾ ਹਾਂ ਕਿ ਕੀ ਕੋਠੀਆਂ ਦਾ ਹਾਲ ਵੀ ਇੱਕ ਦਿਨ ਉਹ ਹੀ ਹੋਣਾ ਜੋ ਹੁਣ ਇੰਨ੍ਹਾਂ ਪੁਰਾਣੇ ਘਰਾਂ ਦਾ ਹੋ ਰਿਹਾ ਹੈ।
ਇਹ ਵੀ ਸੱਚ ਹੈ ਕਿ ਬਦਲਦੇ ਸਮੇਂ ਦੇ ਨਾਲ ਨਾਲ ਹੀ ਚੱਲਣਾ ਪੈਂਦਾ ਹੈ ਕਿਉਂਕਿ ਸਮਾਂ ਬਹੁਤ ਤਾਕਤਵਰ ਹੈ ਜਿਸਨੇ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ। ਆਉਣ ਵਾਲੇ ਵਕਤ ਵਿੱਚ ਬਚੇ ਹੋਏ ਇਹ ਪੁਰਾਣੇ ਘਰ ਅਤੇ ਦਲਾਨ ਹਜੇ ਹੋਰ ਕਿੰਨੀ ਦੇਰ ਤੱਕ ਸਲਾਮਤ ਰਹਿੰਦੇ ਹਨ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਜੋ ਮੋਹ ਪਿਆਰ ਅਤੇ ਸਾਂਝ ਪਹਿਲਾਂ ਲੋਕਾਂ ਵਿੱਚ ਹੁੰਦੀ ਸੀ ਉਹ ਕਦੇ ਵਾਪਸ ਨਹੀਂ ਆ ਸਕਦੀ। ਜੋ ਰੌਣਕ ਕਦੇ ਦਰਵਾਜ਼ਿਆਂ ਅਤੇ ਦਲਾਨਾਂ ਵਿੱਚ ਲੱਗਦੀ ਹੁੰਦੀ ਸੀ ਉਹ ਦੁਬਾਰਾ ਨਹੀਂ ਲੱਗਣੀ। ਛੋਟੇ ਟੱਬਰਾਂ ਦੇ ਇਕਲੌਤੇ ਧੀਆਂ ਪੁੱਤਾਂ ਦੇ ਵਿਦੇਸ਼ਾਂ ਵਿੱਚ ਵੱਸਣ ਦਾ ਰੁਝਾਨ ਪਿੰਡਾਂ ਦੀ ਬਚੀ ਖੁਚੀ ਰੌਣਕ ਵੀ ਖਤਮ ਕਰ ਦੇਵੇਗਾ। ਪੁਰਾਣੇ ਜ਼ਮਾਨੇ ਦੇ ਪੰਜਾਬ ਦਾ ਜ਼ਿਕਰ ਸਿਰਫ ਗੱਲਾਂ ਬਾਤਾਂ ਵਿੱਚ ਹੀ ਰਹਿ ਜਾਵੇਗਾ, ਤੇ ਇਹ ਗੱਲਾਂ ਬਾਤਾਂ ਸੁਣਨ ਦਾ ਵਕਤ ਵੀ ਸ਼ਾਇਦ ਕਿਸੇ ਕੋਲ ਨਾ ਰਹੇ।

ਈਮੇਲ-johallakwinder@gmail.com
ਫ਼ੋਨ ਨੰਬਰ- +919815959476

You must be logged in to post a comment Login