ਤਰਨ ਤਾਰਨ ਨੇੜੇ ‘ਆਪ’ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

ਤਰਨ ਤਾਰਨ ਨੇੜੇ ‘ਆਪ’ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

ਤਰਨ ਤਾਰਨ, 2 ਮਾਰਚ- ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਗੋਪੀ (40) ਵਾਸੀ ਚੋਹਲਾ ਸਾਹਿਬ ਦੀ ਅੱਜ ਫਤਿਹਬਾਦ ਨੇੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਇਕ ਕੇਸ ਦੀ ਪੇਸ਼ੀ ਭੁਗਤਣ ਲਈ ਕਪੂਰਥਲਾ ਅਦਾਲਤ ਵੱਲ ਜਾ ਰਿਹਾ ਸੀ ਪਰ ਇਸ ਦੌਰਾਨ ਫਤਿਹਾਬਾਦ ਦਾ ਰੇਲਵੇ ਫਾਟਕ ਬੰਦ ਹੋ ਗਿਆ ਤੇ ਉਹ ਫਾਟਕ ਖੁੱਲ੍ਹਣ ਦੀ ਉਡੀਕ ਕਰਨ ਲੱਗਾ।  ਇਸ ਦੌਰਾਨ ਉਸ ਦੇ ਪਿੱਛੋਂ ਇਕ ਸਵਿਫਟ ਕਾਰ ਵਿਚ ਤਿੰਨ ਹਥਿਆਰਬੰਦ ਨੌਜਵਾਨ ਆਏ ਤੇ ਉਨ੍ਹਾਂ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਜੋ ਉਸ ਦੀ ਛਾਤੀ ਅਤੇ ਮੂੰਹ ਵਿਚ ਲੱਗੀਆਂ ਜਿਸ ਕਾਰਨ ਉਸ ਦੀ ਥਾਂ ’ਤੇ ਹੀ ਮੌਤ ਹੋ ਗਈ| ਗੋਇੰਦਵਾਲ ਸਾਹਿਬ ਦੇ ਡੀਐੱਸਪੀ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਫਾਟਕ ਬੰਦ ਹੋਣ ਕਾਰਨ ਹਮਲਾਵਰ ਗੋਲੀਆਂ ਚਲਾਉਣ ਉਪਰੰਤ ਵਾਪਸ ਮੁੜ ਗਏ| ਗੋਇੰਦਵਾਲ ਸਾਹਿਬ ਦੀ ਪੁਲੀਸ ਮੌਕੇ  ’ਤੇ ਪਹੁੰਚ ਗਈ ਅਤੇ ਮ੍ਰਿਤਕ ਦੇਹ ਨੂੰ ਤਰਨ ਤਾਰਨ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੇ ਤੌਰ ’ਤੇ ਇਹ ਮਾਮਲਾ ਆਪਸੀ ਰੰਜਿਸ਼ ਦਾ ਲੱਗਦਾ ਹੈ| ਗੋਪੀ ਖਿਲਾਫ਼ ਇਰਾਦਾ ਕਤਲ ਸਮੇਤ ਹੋਰ ਸੰਗੀਨ ਅਪਰਾਧਾਂ ਦੇ ਚਾਰ ਮਾਮਲੇ ਦਰਜ ਹਨ। ਗੁਰਪ੍ਰੀਤ ਸਿੰਘ ‘ਆਪ’ ਦਾ ਪਿੰਡ ਪੱਧਰ ਦਾ ਆਗੂ ਸੀ। ਉਹ ਪਿੰਡ ਦੇ ਸਰਪੰਚ ਦੇ ਅਹੁਦੇ ਦੀ ਚੋਣ ਲੜਨ ਲਈ ਯਤਨਸ਼ੀਲ ਸੀ| ਡੀਐੱਸਪੀ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

You must be logged in to post a comment Login