ਤਰਸੇਮ ਜੱਸੜ ਨੇ ਕੀਤਾ ਦਰਸ਼ਕਾਂ ਦਾ ਧੰਨਵਾਦ, ‘ਮਸਤਾਨੇ’ ਨੂੰ ਮਿਲ ਰਹੇ ਪਿਆਰ ’ਤੇ ਲਿਖੀ ਖ਼ਾਸ ਪੋਸਟ

ਤਰਸੇਮ ਜੱਸੜ ਨੇ ਕੀਤਾ ਦਰਸ਼ਕਾਂ ਦਾ ਧੰਨਵਾਦ, ‘ਮਸਤਾਨੇ’ ਨੂੰ ਮਿਲ ਰਹੇ ਪਿਆਰ ’ਤੇ ਲਿਖੀ ਖ਼ਾਸ ਪੋਸਟ

‘ਮਸਤਾਨੇ’ ਫ਼ਿਲਮ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ’ਤੇ ਤਰਸੇਮ ਜੱਸੜ ਨੇ ਪ੍ਰਤੀਕਿਰਿਆ ਦਿੱਤੀ ਹੈ। ਤਰਸੇਮ ਜੱਸੜ ਨੇ ਲਿਖਿਆ, ‘‘ਤਹਿ ਦਿਲੋਂ ਸ਼ੁਕਰੀਆ ਸਾਰਿਆਂ ਦਾ, ਤੁਹਾਡੇ ਪਿਆਰ ਦੇ ਅੱਗੇ ਸਿਰ ਝੁਕਦਾ। ਮੇਰੇ ਕੋਲ ਲਫ਼ਜ਼ ਨਹੀਂ ਸ਼ੁਕਰੀਆ ਕਰਨ ਲਈ। ਉਨ੍ਹਾਂ ਸਾਰੀਆਂ ਮਾਵਾਂ ਨੂੰ, ਬਜ਼ੁਰਗਾਂ ਨੂੰ ਸੈਲਿਊਟ ਜਿਹੜੇ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਸਿਨੇਮਾ ’ਚ ਗਏ ਫ਼ਿਲਮ ਦੇਖਣ।’’ ਤਰਸੇਮ ਨੇ ਅੱਗੇ ਲਿਖਿਆ, ‘‘ਸਾਰੇ ਉਨ੍ਹਾਂ ਵੀਰਾਂ ਦਾ ਧੰਨਵਾਦ ਜਿਹੜੇ ਕੋਈ ਟਰੈਕਟਰ ਟਰਾਲੀਆਂ ਭਰ ਕੇ ਗਏ। ਤੁਸੀਂ ਸਾਰਿਆਂ ਨੇ ਇਸ ਫ਼ਿਲਮ ਨੂੰ ਆਪਣੀ ਫ਼ਿਲਮ ਬਣਾਇਆ ਤੇ ਸਾਡੇ ਉਸ ਮਹਾਨ ਇਤਿਹਾਸ ਨੂੰ ਦਿਲੋਂ ਸਲਾਮ ਕਰਦੇ ਹੋਏ ਇੰਨਾ ਪਿਆਰ ਦਿੱਤਾ। ਇਹ ਸਾਥ ਪਿਆਰ ਇੰਝ ਹੀ ਜਾਰੀ ਰੱਖਣਾ, ਅਸੀਂ ਇਕ ਮਿਸਾਲ ਜ਼ਰੂਰ ਪੇਸ਼ ਕਰਨੀ ਹੈ ਕਿ ਚੰਗੀਆਂ ਫ਼ਿਲਮਾਂ ਵੀ ਇਤਿਹਾਸ ਸਿਰਜ ਸਕਦੀਆਂ ਹਨ।’’ ਅਖੀਰ ’ਚ ਤਰਸੇਮ ਜੱਸੜ ਨੇ ਕਿਹਾ, ‘‘ਇਸ ਫ਼ਿਲਮ ’ਚ ਹੀਰੋ ਸਾਡੇ ਉਹ ਸਿੰਘ ਹਨ, ਉਹ ਯੋਧੇ ਹਨ, ਜਿਹੜੇ ਆਪ ਸ਼ਹੀਦੀਆਂ ਪਾ ਕੇ ਜਿਊਣਾ ਸਿਖਾ ਗਏ। ਇਹ ਸਿਰਫ਼ ਸੱਚੇ ਪਾਤਸ਼ਾਹ ਦੀ ਕਿਰਪਾ ਉਸ ਦੀ ਵਢਿਆਈ ਹੈ, ਜਿਹੜੀ ਉਨ੍ਹਾਂ ਨੇ ਸਾਡੇ ਵਰਗੇ ਨਿਮਾਣਿਆਂ ਨੂੰ ਨਾਚੀਜ਼ਾਂ ਨੂੰ ਪਿਆਰ ਤੇ ਆਸ਼ੀਰਵਾਦ ਦੇ ਦਿੱਤਾ।’’ਦੱਸ ਦੇਈਏ ਕਿ ਫ਼ਿਲਮ ’ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਰਾਹੁਤ ਦੇਵ, ਕਰਮਜੀਤ ਅਨਮੋਲ, ਹੰਨੀ ਮੱਟੂ, ਬਨਿੰਦਰ ਬੰਨੀ, ਅਵਤਾਰ ਗਿੱਲ ਤੇ ਆਰਿਫ ਜ਼ਕਾਰੀਆ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸ਼ਰਨ ਆਰਟ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਦੇ ਪ੍ਰੋਡਿਊਸਰ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਕਰਮਜੀਤ ਸਿੰਘ ਜੌਹਲ ਤੇ ਰਾਜਵਿੰਦਰ ਸਿੰਘ ਢਿੱਲੋਂ ਹਨ।

You must be logged in to post a comment Login