ਤਾਮਿਲਨਾਡੂ: ਫ਼ਰਜ਼ੀ ਐੱਨਸੀਸੀ ਕੈਂਪ ਦੌਰਾਨ 13 ਲੜਕੀਆਂ ਦਾ ਜਿਨਸੀ ਸ਼ੋਸ਼ਣ, ਸਕੂਲ ਪ੍ਰਿੰਸੀਪਲ ਤੇ 2 ਅਧਿਆਪਕਾਂ ਸਣੇ 11 ਕਾਬੂ

ਤਾਮਿਲਨਾਡੂ: ਫ਼ਰਜ਼ੀ ਐੱਨਸੀਸੀ ਕੈਂਪ ਦੌਰਾਨ 13 ਲੜਕੀਆਂ ਦਾ ਜਿਨਸੀ ਸ਼ੋਸ਼ਣ, ਸਕੂਲ ਪ੍ਰਿੰਸੀਪਲ ਤੇ 2 ਅਧਿਆਪਕਾਂ ਸਣੇ 11 ਕਾਬੂ

ਚੇਨਈ, 19 ਅਗਸਤ- ਤਾਮਿਲਨਾਡੂ ਪੁਲੀਸ ਨੇ ਅੱਜ ਕਿਹਾ ਕਿ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਨਿੱਜੀ ਸਕੂਲ ਦੇ ਪ੍ਰਿੰਸੀਪਲ ਅਤੇ ਦੋ ਅਧਿਆਪਕਾਂ ਸਮੇਤ 11 ਵਿਅਕਤੀਆਂ ਨੂੰ ਫਰਜ਼ੀ ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ਕੈਂਪ ਵਿੱਚ 13 ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਕੂਲ ਦੇ ਅਹਾਤੇ ‘ਤੇ ਕੈਂਪ ਲਗਾਇਆ ਗਿਆ ਸੀ ਅਤੇ ਇਸ ਦੇ ਪ੍ਰਬੰਧਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਪੁਲੀਸ ਸੁਪਰਡੈਂਟ ਨੇ ਕਿਹਾ ਕਿ ਸਕੂਲ ਵਿੱਚ ਫਰਜ਼ੀ ਐੱਨਸੀਸੀ ਕੈਂਪ ਵਿੱਚ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਘੱਟੋ-ਘੱਟ ਇੱਕ ਦਰਜਨ ਹੋਰ ਨਾਲ ਦੁਰਵਿਵਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਜਿਨਸੀ ਸ਼ੋਸ਼ਣ ਬਾਰੇ ਪਤਾ ਸੀ ਪਰ ਉਨ੍ਹਾਂ ਪੁਲੀਸ ਨੂੰ ਸੂਚਿਤ ਕਰਨ ਦੀ ਬਜਾਏ ਮਾਮਲੇ ਨੂੰ ਦਬਾਉਣ ਦੀ ਚੋਣ ਕੀਤੀ। ਪੁਲੀਸ ਜਾਂਚ ਵਿੱਚ ਦੱਸਿਆ ਗਿਆ ਹੈ ਕਿ ਜਿਸ ਪ੍ਰਾਈਵੇਟ ਸਕੂਲ ਵਿੱਚ ਕੈਂਪ ਲਾਇਆ ਗਿਆ ਸੀ, ਉਸ ਵਿੱਚ ਐਨਸੀਸੀ ਯੂਨਿਟ ਨਹੀਂ ਸੀ। ਤਿੰਨ ਰੋਜ਼ਾ ਕੈਂਪ ਅਗਸਤ ਦੇ ਪਹਿਲੇ ਹਫ਼ਤੇ ਲਗਾਇਆ ਗਿਆ ਸੀ ਅਤੇ ਇਸ ਵਿੱਚ 41 ਕੈਂਪਰ ਸਨ ਜਿਨ੍ਹਾਂ ਵਿੱਚੋਂ 17 ਲੜਕੀਆਂ ਸਨ। ਮੁਲਜ਼ਮਾਂ ਖ਼ਿਲਾਫ਼ ਪ੍ਰੋਟੈਕਸ਼ਨ ਆਫ ਚਿਲਡਰਨ ਅਗੇਂਸਟ ਸੈਕਸੁਅਲ ਓਫੈਂਸ (ਪੋਕਸੋ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

You must be logged in to post a comment Login