ਤਿਰੰਗੇ ਦਾ ਸਨਮਾਨ ਸਭ ਤੋਂ ਵੱਧ ਸਿੱਖ ਕਰਦੇ ਹਨ ਤੇ ਮਾਮਲੇ ਨੂੰ ਗ਼ਲਤ ਰੰਗਤ ਦਿੱਤੀ ਜਾ ਰਹੀ ਹੈ: ਗਰੇਵਾਲ

ਤਿਰੰਗੇ ਦਾ ਸਨਮਾਨ ਸਭ ਤੋਂ ਵੱਧ ਸਿੱਖ ਕਰਦੇ ਹਨ ਤੇ ਮਾਮਲੇ ਨੂੰ ਗ਼ਲਤ ਰੰਗਤ ਦਿੱਤੀ ਜਾ ਰਹੀ ਹੈ: ਗਰੇਵਾਲ

ਅੰਮ੍ਰਿਤਸਰ, 17 ਅਪਰੈਲ- ਿਚਿਹਰੇ ’ਤੇ ਤਿਰੰਗੇ ਦਾ ਸਟਿੱਕਰ ਲਾਈ ਕੁੜੀ ਨੂੰ ਹਰਿਮੰਦਰ ਸਾਹਿਬ ਵਿੱਚ ਜਾਣ ਤੋਂ ਰੋਕਣ ਦੇ ਮਾਮਲੇ ਨੇ ਚਰਚਾ ਛੇੜ ਦਿੱਤੀ ਹੈ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਮਾਮਲੇ ਵਿਚ ਕਮੇਟੀ ਦੇ ਕਰਮਚਾਰੀ ਵੱਲੋਂ ਸ਼ਰਧਾਲੂ ਨਾਲ ਕੀਤੇ ਵਿਵਹਾਰ ’ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਸਬੰਧੀ ਹੋ ਰਹੀ ਨੁਕਤਾਚੀਨੀ ’ਤੇ ਵੀ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਕਮੇਟੀ ਦੇ ਕਰਮਚਾਰੀ ਵੱਲੋਂ ਕੀਤੇ ਵਿਵਹਾਰ ਕਾਰਨ ਜੇ ਕਿਸੇ ਸ਼ਰਧਾਲੂ ਦਾ ਮਨ ਦੁਖਿਆ ਹੈ ਹੈ ਤਾਂ ਉਸ ਲਈ ਸ਼੍ਰੋਮਣੀ ਕਮੇਟੀ ਅਫਸੋਸ ਦਾ ਪ੍ਰਗਟਾਵਾ ਕਰਦੀ ਹੈ। ਹਰਿਮੰਦਰ ਸਾਹਿਬ ਵਿਖੇ ਚਾਰੋਂ ਦਿਸ਼ਾਵਾਂ ਤੋਂ ਹਰ ਧਰਮ, ਹਰ ਜਾਤ ਅਤੇ ਹਰ ਵਰਗ ਦਾ ਸ਼ਰਧਾਲੂ ਨਤਮਸਤਕ ਹੋਣ ਲਈ ਆ ਸਕਦਾ ਹੈ ਅਤੇ ਇਸ ਸਬੰਧ ਵਿੱਚ ਕਿਸੇ ਤੇ ਕੋਈ ਰੋਕ ਨਹੀ ਹੈ, ਜੋ ਲੋਕ ਇਸ ਮਾਮਲੇ ਨੂੰ ਫਿਰਕੂ ਰੰਗਤ ਦੇ ਕੇ ਪੇਸ਼ ਕਰ ਰਹੇ ਹਨ, ਨੂੰ ਉਨ੍ਹਾਂ ਨੇ ਕਿਹਾ ਕਿ ਇਸ ਤਿਰੰਗੇ ਦਾ ਮਾਨ-ਸਨਮਾਨ ਸਿੱਖਾਂ ਨੇ ਸਭ ਤੋ ਵਧੇਰੇ ਵਧਾਇਆ ਹੈ ਅਤੇ ਇਸ ਦੇ ਮਾਣ-ਸਨਮਾਨ ਲਈ ਕਈ ਕੁਰਬਾਨੀਆਂ ਦਿੱਤੀਆਂ ਹਨ। ਕੁਝ ਤਾਕਤਾਂ ਸਿੱਖਾਂ ਨੂੰ ਬਦਨਾਮ ਅਤੇ ਸਿੱਖਾਂ ਦੀ ਸਾਖ ਨੂੰ ਖਰਾਬ ਕਰਨਾ ਚਾਹੁੰਦੀਆ ਹਨ, ਅਜਿਹੇ ਯਤਨ ਪਹਿਲਾਂ ਵੀ ਹੋ ਚੁੱਕੇ ਹਨ। ਹਰ ਧਰਮ ਦੇ ਕੁਝ ਸਿਧਾਂਤ ਅਤੇ ਨਿਯਮ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਪਤਾ ਲੱਗਾ ਹੈ ਕਿ ਇਹ ਵੀਡੀਓ ਦੋ ਦਿਨ ਪਹਿਲਾਂ ਦੀ ਹੈ। ਕੁੜੀ ਅਟਾਰੀ ਵਿਖੇ ਰੀਟਰੀਟ ਰਸਮ ਨੂੰ ਦੇਖਣ ਤੋਂ ਬਾਅਦ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੀ ਹੈ, ਉਸ ਦੇ ਚਿਹਰੇ ’ਤੇ ਤਿਰੰਗੇ ਵਾਲਾ ਸਟਿੱਕਰ ਲਗਾ ਹੋਇਆ ਹੈ। ਦਰਬਾਰ ਸਾਹਿਬ ਵਿਖੇ ਖੜਾ ਸੇਵਾਦਾਰ ਉਸ ਕੁੜੀ ਨੂੰ ਰੋਕਦਾ ਹੈ ਅਤੇ ਇਹ ਕੁੜੀ ਆਪਣੇ ਕਿਸੇ ਸਮਰਥਕ ਨੂੰ ਨਾਲ ਲੈ ਕੇ ਆਉਂਦੀ ਹੈ। ਇਹ ਵਿਅਕਤੀ ਸੇਵਾਦਾਰ ਨੂੰ ਪੁੱਛਦਾ ਹੈ ਕਿ ਉਸ ਨੇ ਇਸ ਕੁੜੀ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਹੈ ਤਾਂ ਉਹ ਕੁੜੀ ਦੇ ਚਿਹਰੇ ’ਤੇ ਤਿਰੰਗੇ ਦੇ ਨਿਸ਼ਾਨ ਤੇ ਇਤਰਾਜ਼ ਕਰਦਾ ਹੈ। ਇਹ ਵਿਅਕਤੀ ਉਸ ਨੂੰ ਪੁੱਛਦਾ ਹੈ ਕਿ ਕੀ ਇਹ ਭਾਰਤ ਨਹੀਂ ਹੈ ਤਾਂ ਸੇਵਾਦਾਰ ਕਹਿੰਦਾ ਹੈ ਕਿ ਇਹ ਪੰਜਾਬ ਹੈ, ਜਿਸ ਤੋਂ ਇਸ ਮਾਮਲੇ ਵਿੱਚ ਤਕਰਾਰ ਹੁੰਦੀ ਹੈ ਅਤੇ ਇਹ ਮਾਮਲਾ ਵੱਧ ਜਾਂਦਾ ਹੈ।

You must be logged in to post a comment Login