ਤੀਜਾ ਟੈਸਟ: ਭਾਰਤ ਦੀਆਂ ਇੰਗਲੈਂਡ ਖ਼ਿਲਾਫ਼ 5 ਵਿਕਟਾਂ ’ਤੇ 326 ਦੌੜਾਂ, ਰੋਹਿਤ ਤੇ ਜਡੇਜਾ ਵੱਲੋਂ ਸੈਂਕੜਾ

ਤੀਜਾ ਟੈਸਟ: ਭਾਰਤ ਦੀਆਂ ਇੰਗਲੈਂਡ ਖ਼ਿਲਾਫ਼ 5 ਵਿਕਟਾਂ ’ਤੇ 326 ਦੌੜਾਂ, ਰੋਹਿਤ ਤੇ ਜਡੇਜਾ ਵੱਲੋਂ ਸੈਂਕੜਾ

ਰਾਜਕੋਟ, 15 ਫਰਵਰੀ- ਭਾਰਤ ਨੇ ਅੱਜ ਇੱਥੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਰੋਹਿਤ ਸ਼ਰਮਾ (131 ਦੌੜਾਂ) ਅਤੇ ਰਵਿੰਦਰ ਜਡੇਜਾ (ਨਾਬਾਦ 110 ਦੌੜਾਂ) ਦੇ ਸੈਂਕੜਿਆਂ ਅਤੇ ਪਹਿਲੀ ਵਾਰ ਖੇਡ ਰਹੇ ਸਰਫ਼ਰਾਜ਼ ਖਾਨ (62 ਦੌੜਾਂ) ਦੇ ਅਰਧ ਸੈਂਕੜੇ ਦੀ ਮਦਦ ਨਾਲ ਖੇਡ ਖਤਮ ਹੋਣ ਤੱਕ ਤੱਕ ਇੰਗਲੈਂਡ ਖਿਲਾਫ ਤੀਜੇ ਟੈਸਟ ਦੇ ਪਹਿਲੇ ਦਿਨ 5 ਵਿਕਟ ਗੁਆ ਕੇ 326 ਦੌੜਾਂ ਬਣਾਈਆਂ। ਜਡੇਜਾ ਦੇ ਨਾਲ ਕੁਲਦੀਪ ਯਾਦਵ ਇਕ ਦੌੜ ਬਣਾ ਕੇ ਦੂਜੇ ਸਿਰੇ ‘ਤੇ ਖੇਡ ਰਿਹਾ ਹੈ। ਇੰਗਲੈਂਡ ਲਈ ਮਾਰਕ ਵੁੱਡ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 69 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਟਾਮ ਹਾਰਟਲੀ ਨੂੰ ਇਕ ਵਿਕਟ ਮਿਲੀ। ਚਾਹ ਤੱਕ ਭਾਰਤ ਨੇ 3 ਵਿਕਟਾਂ ’ਤੇ 187 ਦੌੜਾਂ ਬਣਾ ਲਈਆਂ ਸਨ। ਪਹਿਲੇ ਦੋ ਮੈਚਾਂ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ (10) ਇੱਥੇ ਜ਼ਿਆਦਾ ਯੋਗਦਾਨ ਨਹੀਂ ਦੇ ਸਕੇ ਅਤੇ ਵੁੱਡ ਦੀ ਉਛਾਲਦੀ ਗੇਂਦ ‘ਤੇ ਸਲਿੱਪ ‘ਚ ਕੈਚ ਹੋ ਕੇ ਪੈਵੇਲੀਅਨ ਪਰਤ ਗਏ। ਵੁੱਡ ਨੇ ਵਿਸ਼ਾਖਾਪਟਨਮ ‘ਚ ਖੇਡੇ ਗਏ ਦੂਜੇ ਟੈਸਟ ਮੈਚ ‘ਚ ਸੈਂਕੜਾ ਲਗਾ ਕੇ ਫਾਰਮ ‘ਚ ਵਾਪਸੀ ਕਰਨ ਵਾਲੇ ਸ਼ੁਭਮਨ ਗਿੱਲ ਨੂੰ ਇੱਥੇ ਆਪਣਾ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ। ਚੌਥੇ ਨੰਬਰ ‘ਤੇ ਆਏ ਰਜਤ ਪਾਟੀਦਾਰ (05) ਨੇ ਹਾਰਟਲੀ ਦੀ ਗੇਂਦ ‘ਤੇ ਸ਼ਾਰਟ ਕਵਰ ‘ਤੇ ਖੜ੍ਹੇ ਬੇਨ ਡਕੇਟ ਨੂੰ ਆਸਾਨ ਕੈਚ ਦੇ ਦਿੱਤਾ। ਪੰਜ ਮੈਚਾਂ ਦੀ ਲੜੀ ਫਿਲਹਾਲ 1-1 ਨਾਲ ਬਰਾਬਰ ਹੈ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਦਾ ਇਹ 100ਵਾਂ ਟੈਸਟ ਮੈਚ ਹੈ। ਭਾਰਤ ਨੇ ਮੱਧਕ੍ਰਮ ਦੇ ਬੱਲੇਬਾਜ਼ ਸਰਫ਼ਰਾਜ਼ ਖਾਨ ਅਤੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਪਹਿਲੀ ਵਾਰ ਭਾਰਤ ਵੱਲੋਂ ਖੇਡ ਰਹੇ ਹਨ। ਇੰਗਲੈਂਡ ਨੇ ਸਪਿੰਨਰ ਸ਼ੋਏਬ ਬਸ਼ੀਰ ਦੀ ਜਗ੍ਹਾ ਮਾਰਕ ਵੁੱਡ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।

You must be logged in to post a comment Login