ਅਜ਼ਮਾਰਿਨ, 6 ਫਰਵਰੀ- ਦੱਖਣ ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ ਵਿੱਚ ਅੱਜ ਤੜਕੇ ਆਏ 7.8 ਤੀਬਰਤਾ ਵਾਲੇ ਭੂਚਾਲ ਕਰਨ ਸੈਂਕੜੇ ਇਮਾਰਤਾਂ ਢਹਿ ਗਈਆਂ ਅਤੇ 1500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਹਾਲੇ ਵੀ ਸੈਂਕੜੇ ਲੋਕਾਂ ਦੇ ਮਲਬੇ ਹੇਠ ਫਸੇ ਹਨ ਹਨ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਬਚਾਅ ਕਰਮੀਆਂ ਵੱਲੋਂ ਲੋਕਾਂ ਨੂੰ ਡਿੱਗੀਆਂ ਇਮਾਰਤਾਂ ਦੇ ਮਲਬੇ ਹੇਠੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਰਮਚਾਰੀ ਹਾਲੇ ਵੀ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਲੱਭ ਰਹੇ ਹਨ। ਘੱਟ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਅੰਦਰ ਫਸੇ ਲੋਕ ਅਤੇ ਸੜਕ ’ਤੇ ਲੋਕਾਂ ਨੂੰ ਮਦਦ ਲਈ ਚੀਕਦੇ ਦੇਖਿਆ ਗਿਆ। ਭੂਚਾਲ ਦੇ ਝਟਕੇ ਕਾਹਿਰਾ ਤੱਕ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਸੀਰੀਆ ਦੀ ਸਰਹੱਦ ਤੋਂ ਲਗਭਗ 90 ਕਿਲੋਮੀਟਰ ਦੂਰ ਗਾਜ਼ੀਆਂਟੇਪ ਸ਼ਹਿਰ ਦੇ ਉੱਤਰ ਵਿੱਚ ਸੀ। ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਏਰਦੋਆਨ ਨੇ ਟਵੀਟ ਕੀਤਾ ਕਿ ਭੂਚਾਲ ਪ੍ਰਭਾਵਿਤ ਇਲਾਕਿਆਂ ’ਚ ਬਚਾਅ ਟੀਮਾਂ ਨੂੰ ਤੁਰੰਤ ਰਵਾਨਾ ਕਰ ਦਿੱਤਾ ਗਿਆ ਹੈ। ਭੂਚਾਲ ਤੋਂ ਬਾਅਦ ਵੀ ਫਿਰ 6 ਝਟਕੇ ਮਹਿਸੂਸ ਕੀਤੇ ਗਏ। ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਲੋਕਾਂ ਨੂੰ ਨੁਕਸਾਨੀਆਂ ਇਮਾਰਤਾਂ ਵਿੱਚ ਜਾਣ ਤੋਂ ਬਚਣ ਦਾ ਸਲਾਹ ਦਿੱਤੀ ਹੈ।
ਤੁਰਕੀ ਦੇ ਮਾਲਾਤਿਆ ਸੂਬੇ ਦੇ ਗਵਰਨਰ ਹੁਲੁਸੀ ਸਾਹੀਨ ਨੇ ਕਿਹਾ ਕਿ ਘੱਟੋ-ਘੱਟ 130 ਇਮਾਰਤਾਂ ਢਹਿ ਗਈਆਂ ਹਨ। ਦੀਯਾਰਬਾਕਿਰ ਸ਼ਹਿਰ ਵਿੱਚ ਘੱਟੋ-ਘੱਟ 15 ਇਮਾਰਤਾਂ ਢਹਿ ਗਈਆਂ। ਉੱਤਰੀ-ਪੱਛਮੀ ਸੀਰੀਆ ਵਿੱਚ ਵਿਰੋਧੀ ਧਿਰ ਸੀਰੀਅਨ ਸਿਵਲ ਡਿਫੈਂਸ ਨੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਖੇਤਰ ਵਿੱਚ ਸਥਿਤੀ ਨੂੰ ‘‘ਵਿਨਾਸ਼ਕਾਰੀ’’ ਦੱਸਦਿਆਂ ਕਿਹਾ ਕਿ ਢਹਿ-ਢੇਰੀ ਹੋ ਰਹੀਆਂ ਇਮਾਰਤਾਂ ਦੇ ਮਲਬੇ ਹੇਠ ਕਈ ਲੋਕ ਦੱਬੇ ਹੋਏ ਹਨ। ਸੀਰਿਆਈ ਸਿਵਲ ਡਿਫੈਂਸ ਨੇ ਲੋਕਾਂ ਨੂੰ ਇਮਾਰਤਾਂ ਦੇ ਬਾਹਰ ਅਤੇ ਖੁੱਲ੍ਹੀਆਂ ਥਾਵਾਂ ’ਤੇ ਰਹਿਣ ਲਈ ਕਿਹਾ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਗਾਜ਼ੀਆਂਟੇਪ ਤੋਂ ਕਰੀਬ 33 ਕਿਲੋਮੀਟਰ ਦੂਰ 18 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਸ ਦੇ ਝਟਕੇ ਸੂਬਿਆਂ ’ਚ ਮਹਿਸੂਸ ਕੀਤੇ ਗਏ। ਭੂਚਾਲ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਪੱਛਮੀ ਏਸ਼ੀਆ ਬਰਫੀਲੇ ਤੂਫਾਨ ਦੀ ਲਪੇਟ ’ਚ ਹੈ, ਜਿਸ ਦੇ ਵੀਰਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
You must be logged in to post a comment Login