ਜਲੰਧਰ- ਪਾਲੀਵੁੱਡ ਐਕਟਰ ਦਿਲਜੀਤ ਦੋਸਾਂਝ ਨੇ ‘ਉੜਤਾ ਪੰਜਾਬ’ ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ ਸੀ, ਜਿਸ ‘ਚ ਉਸ ਦੀ ਐਕਟਿੰਗ ਦੀ ਹਰ ਪਾਸੇ ਤਾਰੀਫ ਹੋਈ ਸੀ। ਹੁਣ ਹਾਲ ਹੀ ‘ਚ ਦਿਲਜੀਤ ਦੀ ਫਿਲਮ ‘ਸੂਰਮਾ’ ਆਈ ਹੈ, ਜਿਸ ‘ਚ ਹਾਕੀ ਖਿਡਾਰੀ ਸੰਦੀਪ ਸਿੰਘ ਦਾ ਕਿਰਦਾਰ ਨਿਭਾ ਕੇ ਇਕ ਵਾਰ ਫਿਰ ਦਿਲਜੀਤ ਨੇ ਸਭ ਦਾ ਦਿਲ ਜਿੱਤ ਲਿਆ ਹੈ। ਦਿਲਜੀਤ ਤੋਂ ਬਾਅਦ ਹੁਣ ਇਕ ਹੋਰ ਪੰਜਾਬੀ ਗਾਇਕ ਅਤੇ ਐਕਟਰ ਜੱਸੀ ਗਿੱਲ ਨੇ ਬਾਲੀਵੁੱਡ ‘ਚ ਐਂਟਰੀ ਕੀਤੀ ਹੈ। ਮਸ਼ਹੂਰ ਫਿਲਮਮੇਕਰ ਆਨੰਦ ਐਲ ਰਾਏ ਆਪਣੀ ਫਿਲਮ ‘ਹੈਪੀ ਭਾਗ ਜਾਏਗੀ’ ਦਾ ਸੀਕਵਲ ‘ਹੈਪੀ ਫਿਰ ਭਾਗ ਜਾਏਗੀ’ ਲੈ ਕੇ ਆਏ ਹਨ। ਇਸ ਫਿਲਮ ‘ਚ ਡਾਇਨਾ ਪੈਂਟੀ, ਜਿੰਮੀ ਸ਼ੇਰਗਿੱਲ, ਸੋਨਾਕਸ਼ੀ ਸਿਨਹਾ ਦੇ ਨਾਲ-ਨਾਲ ਪੰਜਾਬੀ ਗਾਇਕ ਅਤੇ ਐਕਟਰ ਜੱਸੀ ਗਿੱਲ ਵੀ ਨਜ਼ਰ ਆਉਣਗੇ। ਅਜਿਹੇ ‘ਚ ਹੁਣ ਜੱਸੀ ਦੀ ਤੁਲਨਾ ਦਿਲਜੀਤ ਨਾਲ ਹੋ ਰਹੀ ਹੈ, ਜਿਸ ‘ਤੇ ਜੱਸੀ ਗਿੱਲ ਦਾ ਕਹਿਣਾ, ”ਦਿਲਜੀਤ ਨਾਲ ਮੇਰੀ ਤੁਲਨਾ ਨਹੀਂ ਕੀਤੀ ਜਾ ਸਕਦੀ। ਅਸੀਂ ਦੋਵੇਂ ਹੀ ਆਪਣੇ-ਆਪਣੇ ਕੰਮ ਕਰ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਸਾਡੇ ਦੋਵਾਂ ‘ਤੇ ਮਾਣ ਹੋਣਾ ਚਾਹਿਦਾ ਹੈ ਕਿਉਂਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਅਤੇ ਫਿਲਮ ਜਗਤ ‘ਚ ਚੰਗਾ ਨਾਂ ਕਮਾ ਰਹੇ ਹਾਂ।” ਇਸ ਤੋਂ ਇਲਾਵਾ ਜੱਸੀ ਗਿੱਲ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਦਿਲਜੀਤ ਨੇ ਇਹ ਸਾਬਿਤ ਕੀਤਾ ਹੈ ਕਿ ਇਕ ਸਧਾਰਣ ਸਰਦਾਰ ਵੀ ਕਾਫੀ ਵਧੀਆ ਐਕਟਿੰਗ ਕਰ ਸਕਦਾ ਹੈ। ਇਸ ਤੋਂ ਪਹਿਲਾਂ ਇਕ ਸਰਦਾਰ ਨੂੰ ਸਿਰਫ ਕਾਮੇਡੀ ਕਲਾਕਾਰ ਦੇ ਤੌਰ ‘ਤੇ ਹੀ ਦੇਖਿਆ ਜਾਂਦਾ ਸੀ। ਸਰਦਾਰ ਦਾ ਕਿਰਦਾਰ ਨਿਭਾਉਣ ਵਾਲੇ ਨਕਲੀ ਪੱਗ ਪਾਉਂਦੇ ਸਨ। ਦਿਲਜੀਤ ਨੇ ਧਾਰਨਾ ਹੀ ਬਦਲ ਦਿੱਤੀ।” ਦੱਸ ਦੇਈਏ ਕਿ ਜੱਸੀ ਗਿੱਲ ਦੀ ਫਿਲਮ ‘ਹੈਪੀ ਫਿਰ ਭਾਗ ਜਾਏਗੀ’ 24 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।

You must be logged in to post a comment Login