ਐਡੀਲੇਡ, 11 ਨਵੰਬਰ : ਪੰਜਾਬੀ ਗਾਇਕ ਦਲਜੀਤ ਦੁਸਾਂਝ ਆਪਣੇ ਆਸਟਰੇਲੀਆ ਟੂਰ ‘ਔਰਾ 2025’ ਦੇ ਲਾਈਵ ਸ਼ੋਅਜ਼ ਵਿੱਚ ‘ਪੰਜਾਬੀ ਆ ਗਏ ਓਏ’ ਅਤੇ ‘ਮੈਂ ਹੂੰ ਪੰਜਾਬ’ ਡਾਇਲਾਗ ਨਾਲ ਛਾਇਆ ਹੋਇਆ ਹੈ। ਉਹ ਸਿਡਨੀ, ਬ੍ਰਿਸਬੇਨ, ਮੈਲਬਰਨ, ਐਡੀਲੇਡ ਅਤੇ ਪਰਥ ਵਿੱਚ ਸ਼ੋਅ ਕਰ ਚੁੱਕਾ ਹੈ। ਐਡੀਲੇਡ ਵਿੱਚ ਸ਼ੋਅ ਕਰਨ ਤੋਂ ਪਹਿਲਾਂ ਉਸ ਨੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਟੀਮ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪੰਜਾਬੀ ਪੌਪ ਸਟਾਰ ਦਿਲਜੀਤ ਨੇ ‘ਔਰਾ ਲਾਈਵ ਟੂਰ 2025’ ਲਈ ਆਸਟਰੇਲੀਆ ਭਰ ਵਿੱਚ ਸਟੇਡੀਅਮ ਵੇਚਣ ਵਾਲੇ ਪਹਿਲੇ ਭਾਰਤੀ ਕਲਾਕਾਰ ਵਜੋਂ ਇਤਿਹਾਸ ਰਚਿਆ ਹੈ। ਟੀ ਈ ਜੀ ਗਲੋਬਲ ਦੇ ਮੁਖੀ ਟਿਮ ਮੈਕਗ੍ਰੇਗਰ ਨੇ ਕਿਹਾ ਕਿ ਦਿਲਜੀਤ ਕੋਲ ਲੋਕਾਂ ਨੂੰ ਖਿੱਚਣ ਦਾ ਖਾਸ ਹੁਨਰ ਹੈ ਜਿਸ ਸਦਕਾ 90 ਹਜ਼ਾਰ ਤੋਂ ਵੱਧ ਟਿਕਟਾਂ ਵਿਕੀਆਂ। ਆਸਟਰੇਲਿਆਈ ਸੈਨੇਟਰ ਪੌਲ ਸਕਾਰ ਨੇ ਸੈਨੇਟ ਵਿੱਚ ਦਿਲਜੀਤ ਦੀ ਸ਼ਲਾਘਾ ਕਰਦਿਆਂ ਉਸ ਨੂੰ ਨੌਜਵਾਨਾਂ ਲਈ ਰੋਲ ਮਾਡਲ ਦੱਸਿਆ। ਦਿਲਜੀਤ ਨੇ ਸ਼ੋਅਜ਼ ਦੌਰਾਨ ਪੰਜਾਬੀਆਂ ਨੂੰ ਪੰਜਾਬੀ ਸੰਗੀਤ, ਭਾਸ਼ਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਆਪਸੀ ਪਿਆਰ, ਏਕਤਾ, ਨਿਮਰਤਾ, ਸਤਿਕਾਰ ਬਣਾਈ ਰੱਖਣ ਦਾ ਸੁਨੇਹਾ ਦਿੱਤਾ। ਸਿਡਨੀ ਸ਼ੋਅ ਦੌਰਾਨ ਜਦੋਂ ਉਸ ਦੀ ਨਜ਼ਰ ਇੱਕ ਪਰਿਵਾਰ ਦੇ ਵਿਸ਼ੇਸ਼ ਪਹਿਰਾਵੇ ’ਤੇ ਪਈ ਤਾਂ ਉਸ ਨੇ ਉਨ੍ਹਾਂ ਨੂੰ ਸਟੇਜ ’ਤੇ ਬੁਲਾ ਕੇ ਸ਼ਲਾਘਾ ਕੀਤੀ। ਇਹ ਉਹੀ ਪਹਿਰਾਵਾ ਸੀ ਜੋ ਦਿਲਜੀਤ ਨੇ ਮੇਟ ਗਾਲਾ ਵਿੱਚ ਪਾਇਆ ਸੀ। ਦਿਲਜੀਤ ਦਾ ਅਗਲਾ ਸ਼ੋਅ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ 13 ਨਵੰਬਰ ਨੂੰ ਹੋਵੇਗਾ।

You must be logged in to post a comment Login