‘ਦਿੱਲੀ ਕੂਚ’ ਦੋ ਦਿਨ ਲਈ ਮੁਲਤਵੀ

‘ਦਿੱਲੀ ਕੂਚ’ ਦੋ ਦਿਨ ਲਈ ਮੁਲਤਵੀ

ਚੰਡੀਗੜ੍ਹ, 22ਫਰਵਰੀ- ਹਰਿਆਣਾ ਪੁਲੀਸ ਵੱਲੋਂ ਅੱਜ ‘ਦਿੱਲੀ ਕੂਚ’ ਦੇ ਪ੍ਰੋਗਰਾਮ ਦੌਰਾਨ ਖਨੌਰੀ ਬਾਰਡਰ ’ਤੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾਗੇ ਜਾਣ ਨਾਲ ਕਿਸਾਨ ਸ਼ੁਭਕਰਨ ਸਿੰਘ (21) ਦੀ ਮੌਤ ਹੋ ਗਈ ਜਦੋਂ ਕਿ ਢਾਈ ਦਰਜਨ ਕਿਸਾਨ ਜ਼ਖ਼ਮੀ ਹੋ ਗਏ। ‘ਦਿੱਲੀ ਕੂਚ’ ਦੇ ਸੱਦੇ ਦੌਰਾਨ ਕਿਸਾਨ ਦੀ ਮੌਤ ਦੀ ਖ਼ਬਰ ਨਾਲ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਮਾਹੌਲ ਤਣਾਅਪੂਰਨ ਤੇ ਟਕਰਾਅ ਵਾਲਾ ਹੋ ਗਿਆ ਪਰ ਕਿਸਾਨ ਆਗੂਆਂ ਨੇ ਸੰਜਮ ਨਾਲ ਕੰਮ ਲਿਆ। ਉਂਜ ਜਦੋਂ ਇਹ ਘਟਨਾ ਵਾਪਰੀ ਸ਼ੰਭੂ ਬਾਰਡਰ ’ਤੇ ਕਿਸਾਨ ਆਗੂ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਅਗਲੇ ਗੇੜ ਦੀ ਗੱਲਬਾਤ ਬਾਰੇ ਰਜ਼ਾਮੰਦੀ ਬਣਾਉਣ ਬਾਰੇ ਮੀਟਿੰਗ ਕਰ ਰਹੇ ਸਨ। ਹਰਿਆਣਾ ਪੁਲੀਸ ਨਾਲ ਟਕਰਾਅ ਮਗਰੋਂ ਕਿਸਾਨ ਫੋਰਮਾਂ ਨੇ ਅੱਜ ਸ਼ਾਮ ਵਕਤ ‘ਦਿੱਲੀ ਕੂਚ’ ਦੇ ਪ੍ਰੋਗਰਾਮ ਨੂੰ ਦੋ ਦਿਨਾ ਲਈ ਵਿਰਾਮ ਦੇ ਦਿੱਤਾ ਹੈ। ਕਿਸਾਨ ਆਗੂ ਹੁਣ 23 ਫਰਵਰੀ ਦੀ ਸ਼ਾਮ ਨੂੰ ਅੰਦੋਲਨ ਦੀ ਅਗਲੀ ਰੂਪ ਰੇਖਾ ਦਾ ਐਲਾਨ ਕਰਨਗੇ। ਉਧਰ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਮਾਹੌਲ ’ਚ ਤਲਖੀ ਦੌਰਾਨ ਕਿਸਾਨਾਂ ਨੂੰ ਅੱਜ ਮੁੜ ਗੱਲਬਾਤ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਐੱਮਐੱਸਪੀ ਦੇ ਮੁੱਦੇ, ਫਸਲੀ ਵਿਭਿੰਨਤਾ, ਪਰਾਲੀ ਪ੍ਰਬੰਧਨ ਅਤੇ ਐੱਫ.ਆਈ.ਆਰਜ਼ ਦੇ ਮੁੱਦੇ ’ਤੇ ਗੱਲਬਾਤ ਲਈ ਤਿਆਰ ਹੈ ਤੇ ਕਿਸਾਨ ਸ਼ਾਂਤੀ ਬਣਾਈ ਰੱਖਣ। ਕੇਂਦਰੀ ਮੰਤਰੀ ਵੱਲੋਂ ਅੱਜ ਸਵੇਰੇ ਇਕ ਟਵੀਟ ਰਾਹੀਂ ਦਿੱਤੇ ਸੱਦੇ ਦੌਰਾਨ ਹੀ ਖਨੌਰੀ ਬਾਰਡਰ ’ਤੇ ਕਿਸਾਨ ਦੀ ਮੌਤ ਦੀ ਖ਼ਬਰ ਨਾਲ ਅਗਲੇ ਗੇੜ ਦੀ ਗੱਲਬਾਤ ਨੂੰ ਫਿਲਹਾਲ ਬਰੇਕ ਲੱਗ ਗਈ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿਚ ਅੱਜ 11 ਵਜੇ ‘ਦਿੱਲੀ ਕੂਚ’ ਕਰਨ ਦਾ ਪ੍ਰੋਗਰਾਮ ਸੀ। ਕਿਸਾਨ ਆਗੂਆਂ ਤੇ ਕੇਂਦਰੀ ਵਜ਼ੀਰਾਂ ਵਿਚਾਲੇ ਪਹਿਲਾਂ ਹੀ ਚਾਰ ਗੇੜ ਦੀ ਗੱਲਬਾਤ ਹੋ ਚੁੱਕੀ ਹੈ।

ਬਠਿੰਡਾ ਨਾਲ ਸਬੰਧਤ ਨੌਜਵਾਨ ਕਿਸਾਨ ਦੀ ਮੌਤ ਦੀ ਘਟਨਾ ਤੋਂ ਪਹਿਲਾਂ ਸਮੁੱਚਾ ਮਾਹੌਲ ਜ਼ਾਬਤੇ ਵਿਚ ਸੀ। ਕਿਸਾਨ ਲੀਡਰਸ਼ਿਪ ਨੇ ਨੌਜਵਾਨਾਂ ਨੂੰ ਜੇਸੀਬੀ/ਪੋਕਲੇਨ ਦੀ ਵਰਤੋਂ ਕਰਨ ਤੋਂ ਵਰਜ ਦਿੱਤਾ ਸੀ। ਕਿਸਾਨ ਫੋਰਮਾਂ ਦੀ ਟਾਸਕ ਫੋਰਸ ਨੇ ਵੀ ਅਨੁਸ਼ਾਸਨ ਕਾਇਮ ਰੱਖਣ ਦੀ ਜ਼ਿੰਮੇਵਾਰੀ ਨਿਭਾਈ। ਪਤਾ ਲੱਗਾ ਹੈ ਕਿ ਨੌਜਵਾਨਾਂ ਦੇ ਇੱਕ ਗਰੁੱਪ ਨੇ ਕਿਸਾਨ ਆਗੂਆਂ ਨੂੰ ਅੱਗੇ ਵਧਣ ਲਈ ਵੀ ਵੰਗਾਰਿਆ। ਇਸ ਤੋਂ ਪਹਿਲਾਂ ਖਨੌਰੀ ਘਟਨਾ ਮਗਰੋਂ ਅਧਿਕਾਰੀਆਂ ਨਾਲ ਚੱਲ ਰਹੀ ਗੱਲਬਾਤ ਅੱਧ ਵਿਚਾਲੇ ਹੀ ਖਤਮ ਹੋ ਗਈ। ਘਟਨਾ ਮਗਰੋਂ ਸ਼ੰਭੂ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿਚ ਲੀਡਰਸ਼ਿਪ ਨੇ ਹਰਿਆਣਾ ਵਾਲੇ ਪਾਸੇ ਵਧਣਾ ਸ਼ੁਰੂ ਕੀਤਾ। ਹਰਿਆਣਾ ਫੋਰਸ ਨਾਲ ਇਨ੍ਹਾਂ ਆਗੂਆਂ ਨੇ ਗੱਲਬਾਤ ਕੀਤੀ ਅਤੇ ਵਾਪਸ ਆ ਗਏ। ਖਨੌਰੀ ਘਟਨਾ ਨੂੰ ਲੈ ਕੇ ਨੌਜਵਾਨਾਂ ਵਿਚ ਰੋਹ ਹੈ। ਅੱਜ ਪੂਰਾ ਦਿਨ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਹਰਿਆਣਾ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਖਨੌਰੀ ਬਾਰਡਰ ’ਤੇ ਕਰੀਬ 12.30 ਵਜੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਿਸਾਨਾਂ ਨੇ ਹਰਿਆਣਾ ਵੱਲ ਵਧਣਾ ਸ਼ੁਰੂ ਕੀਤਾ।

You must be logged in to post a comment Login