ਦਿੱਲੀ ਗੁਰਦੁਆਰਾ ਕਮੇਟੀ ‘ਚ ਸਿੰਘ ਸਭਾ ਪ੍ਰਧਾਨ ਦੀ ਨਾਮਜਦਗੀ ਮੁੱੜ੍ਹ ਵਿਵਾਦਾਂ ‘ਚ

ਨਵੀ ਕਮੇਟੀ ਦੇ ਗਠਨ ‘ਚ ਦੇਰੀ ਲਈ ਸਰਕਾਰ ਦੀ ਜਵਾਬਦੇਹੀ !

ਇੰਦਰ ਮੋਹਨ ਸਿੰਘ

ਦਿੱਲੀ : 12 ਜਨਵਰੀ (ਇੰਦਰ ਮੋਹਨ ਸਿੰਘ) – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ‘ਚ ਸਿੰਘ ਸਭਾ ਗੁਰਦੁਆਰੇ ਦੇ ਦੂਜੇ ਪ੍ਰਧਾਨ ਦੀ ਨਾਮਜਦਗੀ ਦਾ ਮਾਮਲਾ ਵੀ ਕਾਨੂੰਨੀ ਪੇਚਾਂ ‘ਚ ਉਲੱਝ ਗਿਆ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਬੀਤੇੇ 5 ਜਨਵਰੀ 2022 ਨੂੰ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਲਾਟਰੀ ਰਾਹੀ ਨਾਮਜਦ ਕੀਤੇ ਗਏ ਸੁਰਿੰਦਰ ਸਿੰਘ ਦਾਰਾ ਨੂੰ ਜਮੁਨਾ ਪਾਰ ‘ਚ ਸੰਕਰ ਵਿਹਾਰ ਇਲਾਕੇ ਸਥਿਤ ਗੁਰੂਦੁਆਰਾ ਸ੍ਰੀ ਗੁਰੁ ਸਿੰਘ ਸਭਾ ਦਾ ਪ੍ਰਧਾਨ ਦਸਿਆ ਗਿਆ ਹੈ ਜਦਕਿ ਉਸ ਸਥਾਨ ‘ਤੇ ਅਰਥਾਤ 9-12, ਸ਼ੰਕਰ ਵਿਹਾਰ, ਵਿਕਾਸ ਮਾਰਗ ‘ਚ ਮੋਜੂਦਾ ਸਮੇਂ ‘ਗੁਰਦੁਆਰਾ ਸਿੰਘ ਸਭਾ ਡੇਰਾ ਬਾਬਾ ਵੱਡਭਾਗ ਸਿੰਘ’ ਦੇ ਨਾਮ ਹੇਠ ਇਕ ਡੇਰਾ ਚੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਸਥਾਨ ‘ਚ ਗੁਰੁ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਇਲਾਵਾ ਬਾਬਾ ਵਡਭਾਗ ਸਿੰਘ ਦੀ ਫੋਟੌ ਵੀ ਲਗੀ ਹੋਈ ਹੈ ਜਦਕਿ ਸਿੱਖ ਰਹਿਤ ਮਰਿਯਾਦਾ ਮੁਤਾਬਿਕ ਕਿਸੇ ਸਿੰਘ ਸਭਾ ਗੁਰਦੁਆਰੇ ‘ਚ ਬਾਬਾ ਵੱਡਭਾਗ ਸਿੰਘ ਦੀ ਫੋਟੋ ਲਗਾਉਣ ਦੀ ਇਜਾਜਤ ਨਹੀ ਹੈ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋਂ ਜਾਤੀ ਤੋਰ ‘ਤੇ ਇਸ ਸਥਾਨ ਦੀ ਪੜ੍ਹਤਾਲ ਕਰਨ ਦੋਰਾਨ ਉਥੇ ਨਿਵਾਸ ਕਰਦੇ ਪਰਿਵਾਰ ਨੇ ਦਸਿਆ ਕਿ ਉਹ ਲੰਬੇ ਤੋਂ ਇਸ ਸਥਾਨ ‘ਤੇ ਡੇਰਾ ਚਲਾ ਰਹੇ ਹਨ ‘ਤੇ ਇਸ ਡੇੇਰੇ ਤੋਂ ਇਲਾਵਾ ਸੰਕਰ ਵਿਹਾਰ ਇਲਾਕੇ ‘ਚ ਕੋਈ ਸਿੰਘ ਸਭਾ ਗੁਰਦੁਆਰਾ ਮੋਜੂਦ ਨਹੀ ਹੈ।
ਸ. ਇੰਦਰ ਮੋਹਨ ਸਿੰਘ ਨੇ ਗੁਰਦੁਆਰਾ ਨਿਯਮਾਂ ਦਾ ਹਵਾਲਾ ਦਿੰਦਿਆ ਕਿਹਾ ਕਿ ਕੇਵਲ ਉਸੀ ਸਿੰਘ ਸਭਾ ਦੇ ਪ੍ਰਧਾਨ ਨੂੰ ਦਿੱਲੀ ਗੁਰੂਦੁਆਰਾ ਕਮੇਟੀ ‘ਚ ਨਾਮਜਦ ਕੀਤਾ ਜਾ ਸਕਦਾ ਹੈ ਜੇਕਰ ਉਥੇ ਸਿੰਘ ਸਭਾ ਗੁਰੂਦਆਰਾ ਹੋਂਦ ‘ਚ ਹੋਵੇ। ਉਨ੍ਹਾਂ ਦਿੱਲੀ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਦਿੱਲੀ ਦੇ ਸਿੰਘ ਸਭਾ ਗੁਰਦੁਆਰਿਆਂ ਦੀ ਲਿਸਟ ਦਰੁਸਤ ਕਰਨ ‘ਚ ਕੁਤਾਹੀ ਕਿਉਂ ਵਰਤੀ ਜਾ ਰਹੀ ਹੈ ਜਿਸ ਕਾਰਨ ਦਿੱਲੀ ਗੁਰੂਦੁਆਰਾ ਕਮੇਟੀ ਦੀ ਕੋ-ਆਪਸਨ ਪ੍ਰਕਿਰਿਆ ਚੋਣਾਂ ਹੋਣ ਤੋਂ ਤਕਰੀਬਨ 5 ਮਹੀਨੇ ਬਾਦ ਵੀ ਪੂਰੀ ਨਹੀ ਕੀਤੀ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਨਵੇਂ ਹਾਉਸ ਦੇ ਗਠਨ ‘ਚ ਹੋ ਰਹੀ ਦੇਰੀ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਜੁੰਮੇਵਾਰ ਹੈ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸਿੰਘ ਸਭਾ ਦੇ ਪਹਿਲੇ ਪ੍ਰਧਾਨ ਦੀ ਲਾਟਰੀ ਦੀ ਪ੍ਰਕਿਰਿਆਂ ਸਬੰਧੀ ਪਟੀਸ਼ਨ ਪਹਿਲਾਂ ਹੀ ਦਿੱਲੀ ਹਾਈ ਕੋਰਟ ‘ਚ ਲੰਬਿਤ ਹੈ ਜਿਸ ਦੀ ਸੁਣਵਾਈ ਭਲਕੇ 13 ਜਨਵਰੀ ਨੂੰ ਹੋਣੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਵਿਵਾਦਾ ਦੇ ਚਲਦੇ ਸਿੰਘ ਸਭਾ ਪ੍ਰਧਾਨਾਂ ਦੀ ਨਵੀ ਲਾਟਰੀ ਕੱਢਣ ਲਈ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਮੁੱੜ੍ਹ ਕੋ-ਆਪਸ਼ਨ ਦੀ ਮੀਟਿੰਗ ਸੱਦੀ ਜਾ ਸਕਦੀ ਹੈ, ਜਿਸ ਨਾਲ ਦਿੱਲੀ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ ਹੋਰ ਲਮਕ ਸਕਦੀਆਂ ਹਨ।

You must be logged in to post a comment Login