ਨਵੀਂ ਦਿੱਲੀ – ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਇਲਾਕਾ ਵਾਸੀਆਂ ਦੀ ਸਿਹਤ ‘ਤੇ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਹੈ। ਜ਼ਹਿਰੀਲੀ ਹਵਾ ਸਾਹ ਰਾਂਹੀ ਅੰਦਰ ਜਾ ਕੇ ਸਰੀਰ ਦੇ ਅੰਗਾਂ ਨੂੰ ਖਰਾਬ ਕਰ ਰਹੀ ਹੈ। ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਪਹਿਲੇ 10 ਸ਼ਹਿਰਾਂ ਵਿਚ ਦਿੱਲੀ ਨੇ ਆਪਣਾ ਸਥਾਨ ਬਣਾ ਲਿਆ ਹੈ। ਇਸ ਦੇ ਬਾਵਜੂਦ ਨਾ ਤਾਂ ਸਰਕਾਰ ਫਿਕਰਮੰਦ ਲੱਗ ਰਹੀ ਹੈ ਅਤੇ ਨਾ ਹੀ ਇਲਾਕਾ ਵਾਸੀ ਆਪਣੀ ਸਿਹਤ ਪ੍ਰਤੀ ਚੌਕੰਣੇ ਹਨ। ਇਨ੍ਹਾਂ ਅੰਕੜਿਆਂ ਦਾ ਅਸਰ ਦੇਸ਼ ਦੇ ਦੂਰ-ਦੁਰਾਡੇ ਰਹਿ ਰਹੇ ਲੋਕਾਂ ‘ਤੇ ਜ਼ਰੂਰ ਹੋ ਰਿਹਾ ਹੈ। ਸਥਿਤੀ ਇਹ ਹੈ ਕਿ ਵੱਡੇ ਕਾਰਪੋਰੇਟ ਐਗਜ਼ੀਕਿਊਟਿਵ ਦਿੱਲੀ-ਐੱਨ.ਸੀ.ਆਰ. ‘ਚ ਮਿਲਣ ਵਾਲੀਆਂ ਜਾਬ ਆਫਰ ਠੁਕਰਾ ਰਹੇ ਹਨ। ਐਗਜ਼ੀਕਿਊਟਿਵ ਸਰਚ ਕੰਪਨੀਆਂ ਨੇ ਇਹ ਗੱਲ ਕਹੀ ਹੈ। ਕੋਰਨ ਫੇਰੀ, ਈ.ਐੱਮ.ਏ. ਪਾਰਟਰਨਰਜ਼, ਹੰਟ ਪਾਰਟਨਰਸ, ਟਰਾਂਸਰਚ ਅਤੇ ਗਲੋਬਲ ਹੰਟ ਦਾ ਕਹਿਣਾ ਹੈ ਕਿ ਸੀ.ਐੱਕਸ.ਓ. ਵਿਚਕਾਰ ਪਿਛਲੇ ਸਾਲ ਤੋਂ ਹੀ ਪ੍ਰਦੂਸ਼ਣ ਚਰਚਾ ਦਾ ਵਿਸ਼ਾ ਬਣ ਚੁੱਕਾ ਸੀ। ਹਰ ਤੀਸਰਾ ਸੀ.ਐਕਸ.ਓ. ਦਿੱਲੀ ਐੱਨ.ਸੀ.ਆਰ. ‘ਚ ਜਾਬ ਆਫਰ ਸਵੀਕਾਰ ਨਹੀਂ ਕਰਨਾ ਚਾਹੁੰਦਾ। ਵੱਡੇ ਪੱਧਰ ਦੇ ਅਧਿਕਾਰੀ ਮੁੰਬਈ, ਪੂਣੇ ਅਤੇ ਬੈਂਗਲੁਰੂ ਵਿਚ ਮੌਕਿਆਂ ਦੀ ਭਾਲ ਕਰ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ‘ਚ ਸਥਿਤੀ ਹੋਰ ਖਰਾਬ ਹੋ ਸਕਦੀ ਹੈ। ਸਰਚ ਫਰਮ ਅਨੁਸਾਰ ਕਰੀਬ 40 ਫੀਸਦੀ ਸੀ.ਐਕਸ.ਓ. ਦਿੱਲੀ ‘ਚ ਜਾਬ ਆਫਰ ਨੂੰ ਠੁਕਰਾ ਰਹੇ ਹਨ। ਟਰਾਂਸਰਚ ਨੂੰ ਹੁਣ ਦਿੱਲੀ ਬੇਸਡ ਪੈਟ੍ਰੋਕੈਮਿਕਲ ਫਰਮ ਲਈ ਚੀਫ ਇਨਫਾਰਮੇਸ਼ਨ/ਡਿਜੀਟਲ ਅਫਸਰ ਦੀ ਭਾਲ ਹੈ। ਕੰਪਨੀ ਨੇ ਦੱਸਿਆ ਕਿ ਟੇਕ ਟੈਲੰਟ ਜ਼ਿਆਦਾਤਰ ਭਾਰਤ ਤੋਂ ਬਾਹਰ ਹੈ। ਕੈਂਡੀਡੇਟ ਦਿੱਲੀ ‘ਚ ਸੈਟਲ ਹੋਣਾ ਪਸੰਦ ਨਹੀਂ ਕਰ ਰਹੇ। ਇਸ ਦੇ ਪਿੱਛੇ ਮਹਿਲਾ ਸੁਰੱਖਿਆ ਵੀ ਵਰਗੇ ਹੋਰ ਕਾਰਨ ਵੀ ਹਨ। ਮਾਹਰਾਂ ਅਨੁਸਾਰ ਦਿੱਲੀ ‘ਚ ਨੌਕਰੀ ਲਈ 80 ਫੀਸਦੀ ਸੈਲਰੀ ਜੰਪ ਦਾ ਆਫਰ ਵੀ ਦਿੱਤਾ ਗਿਆ, ਪਰ ਇਸ ਆਫਰ ਨੂੰ ਸਵੀਕਾਰ ਨਹੀਂ ਕੀਤਾ ਗਿਆ। ਉਨ੍ਹਾਂ ਅਨੁਸਾਰ ਮੁੰਬਈ, ਪੂਣੇ, ਬੈਂਗਲੁਰੂ ਅਤੇ ਚੇਨਈ ਦੇ ਮੁਕਾਬਲੇ ਦਿੱਲੀ ਅਤੇ ਐੱਨ.ਸੀ.ਆਰ. ‘ਚ ਟੈਲੇਂਟ ਨੂੰ ਬੁਲਾਉਣਾ ਜ਼ਿਆਦਾ ਮੁਸ਼ਕਲ ਹੈ। ਵਿਦੇਸ਼ਾਂ ਤੋਂ ਪੜ੍ਹ ਕੇ ਆ ਰਹੇ 50 ਫੀਸਦੀ ਭਾਰਤੀ ਵੀ ਦਿੱਲੀ-ਐੱਨ.ਸੀ.ਆਰ. ਵਿਚ ਜਾਬ ਕਰਨਾ ਪਸੰਦ ਨਹੀਂ ਕਰ ਰਹੇ।

You must be logged in to post a comment Login