ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਅੱਜ ਸਿੱਖ ਵਿਰੋਧੀ ਦੰਗਿਆਂ ਦੀ ਬਰਸੀ ਮੌਕੇ 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਭੜਕੀ ਭੀੜ ਹੱਥੋਂ ਸਿੱਖ ਭਾਈਚਾਰੇ ਨੂੰ ਦਰਪੇਸ਼ ਭਿਆਨਕਤਾ ਤੇ ਦਿਲ ਦਹਿਲਾਉਣ ਵਾਲੇ ਦ੍ਰਿਸ਼ਾਂ ਨੂੰ ਯਾਦ ਕੀਤਾ। ਪੁਰੀ, ਜੋ ਉਦੋਂ ਜੇਨੇਵਾ ਵਿੱਚ ਪਹਿਲੇ ਸਕੱਤਰ ਵਜੋਂ ਤਾਇਨਾਤ ਸਨ, ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਦੀ ਜਾਨ ਦਾ ਡਰ ਸਤਾ ਰਿਹਾ ਸੀ ਜੋ ਉਸ ਵੇਲੇ ਦਿੱਲੀ ਵਿੱਚ ਰਹਿੰਦੇ ਸਨ।ਮੰਤਰੀ ਨੇ ਉਸ ਦਿਨ ਨੂੰ ਯਾਦ ਕਰਦਿਆਂ ਕਿਹਾ, ‘‘ਹੋਰਨਾਂ ਸਿੱਖਾਂ ਵਾਂਗ ਇਹ ਹਿੰਸਾ ਮੇਰੇ ਘਰ ਦੇ ਨੇੜੇ ਵੀ ਪਹੁੰਚੀ। ਮੈਂ ਉਦੋਂ ਜੇਨੇਵਾ ਵਿੱਚ ਤਾਇਨਾਤ ਪਹਿਲਾ ਸਕੱਤਰ ਸੀ ਅਤੇ ਆਪਣੇ ਮਾਪਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਬਾਰੇ ਬਹੁਤ ਫ਼ਿਕਰਮੰਦ ਸੀ। ਮੇਰੇ ਮਾਪੇ ਹੌਜ਼ ਖਾਸ ਦੇ ਐਸਐਫਐਸ ਵਿੱਚ ਇੱਕ ਡੀਡੀਏ ਫਲੈਟ ਵਿੱਚ ਰਹਿੰਦੇ ਸਨ। ਉਨ੍ਹਾਂ ਨੂੰ ਮੇਰੇ ਇਕ ਹਿੰਦੂ ਦੋਸਤ ਨੇ ਸਮੇਂ ਸਿਰ ਬਚਾ ਲਿਆ ਅਤੇ ਖਾਨ ਮਾਰਕੀਟ ਵਿੱਚ ਮੇਰੇ ਦਾਦਾ-ਦਾਦੀ ਦੇ ਪਹਿਲੀ ਮੰਜ਼ਿਲ ਵਾਲੇ ਘਰ ਵਿੱਚ ਲੈ ਗਏ। ਦਿੱਲੀ ਅਤੇ ਕਈ ਹੋਰ ਸ਼ਹਿਰਾਂ ਵਿੱਚ ਅਣਕਿਆਸੀ ਹਿੰਸਾ ਫੈਲੀ ਹੋਈ ਸੀ।’’84 ਦੇ ਦੰਗਿਆਂ ਲਈ ਕਾਂਗਰਸ ਨੂੰ ਲੰਮੇ ਹੱਥੀਂ ਲੈਂਦਿਆਂ ਪੁਰੀ ਨੇ ਕਿਹਾ ਕਿ ਅੱਜ ਹਿੰਸਾ ਦੇ ਉਨ੍ਹਾਂ ਕਾਲੇ ਦਿਨਾਂ ਨੂੰ ਗੁੱਸੇ ਨਾਲ ਯਾਦ ਕਰਨ ਦਾ ਵੇਲਾ ਹੈ। ਅਸੀਂ ਦੰਗਾ ਪੀੜਤਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਉਨ੍ਹਾਂ ਦੇ ਪਿੱਛੇ ਰਹਿ ਗਏ ਪਰਿਵਾਰਾਂ ਦੇ ਦੁੱਖ ਅਤੇ ਦਰਦ ਨਾਲ ਹਮਦਰਦੀ ਰੱਖਦੇ ਹਾਂ। ਉਨ੍ਹਾਂ ਕਿਹਾ, ‘‘ਸਮਾਂ ਆ ਗਿਆ ਹੈ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਮਾਵੇਸ਼ੀ ਵਿਕਾਸ ਅਤੇ ਸ਼ਾਂਤੀ ਦੇ ਯੁੱਗ ਦੀ ਕਦਰ ਕਰੀਏ। ਅੱਜ ਭਾਰਤ ਨਾ ਸਿਰਫ਼ ਆਪਣੀਆਂ ਘੱਟਗਿਣਤੀਆਂ ਨੂੰ ਸੁਰੱਖਿਅਤ ਰੱਖਦਾ ਹੈ ਬਲਕਿ ਬਿਨਾਂ ਕਿਸੇ ਪੱਖਪਾਤ ਜਾਂ ਭੇਦਭਾਵ ਦੇ ‘ਸਭਕਾ ਸਾਥ, ਸਭਕਾ ਵਿਕਾਸ’ ਯਕੀਨੀ ਬਣਾਉਂਦਾ ਹੈ।’’ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ 1984 ਦੇ ਦੰਗਿਆਂ ਨੂੰ ਕਦੇ ਨਾ ਭੁੱਲਣ। ਪੁਰੀ ਨੇ ਸਿੱਖ ਵਿਰੋਧੀ ਦੰਗਿਆਂ ਨੂੰ ਆਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਕਾਲੇ ਧੱਬਿਆਂ ਵਿੱਚੋਂ ਇੱਕ ਦੱਸਿਆ।

You must be logged in to post a comment Login