ਨਵੀਂ ਦਿੱਲੀ, 18 ਨਵੰਬਰ : ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ ਦਿੱਲੀ ਤੇ ਐਨਸੀਆਰ ਖੇਤਰ ਵਿਚ ਵਧ ਰਹੇ ਪ੍ਰਦੂਸ਼ਣ ਦੇ ਮਾਮਲੇ ’ਤੇ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਬਾਰ੍ਹਵੀਂ ਜਮਾਤ ਤਕ ਸਕੂਲ ਬੰਦ ਕੀਤੇ ਜਾਣ ਤੇ ਸਟੇਜ ਚਾਰ ਤਹਿਤ ਲਾਈਆਂ ਪਾਬੰਦੀਆਂ ਅਦਾਲਤੀ ਦੇ ਕਹਿਣ ’ਤੇ ਹੀ ਹਟਾਈਆਂ ਜਾਣ ਚਾਹੇ ਹਵਾ ਦਾ ਗੁਣਵੱਤਾ ਮਿਆਰ ਏਕਿਊਆਈ 450 ਤੋਂ ਹੇਠਾਂ ਹੀ ਕਿਉਂ ਨਾ ਆ ਜਾਵੇ। ਅਦਾਲਤ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਗਰੇਡਿਡ ਰਿਸਪਾਂਸ ਐਕਸ਼ਨ ਪਲਾਨ ਗਰੈਪ ਦੇ ਸਟੇਜ ਤਿੰਨ ਤੇ ਸਟੇਜ ਚਾਰ ਤਹਿਤ ਲਾਈਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ। ਜਸਟਿਸ ਅਭੈ ਐਸ ਓਕਾ ਤੇ ਜਸਟਿਸ ਜਾਰਜ ਆਗਸਟੀਨ ਮਸੀਹ ਦੇ ਬੈਂਚ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਸਟੇਜ ਤਿੰਨ ਦੀਆਂ ਪਾਬੰਦੀਆਂ ਲਾਉਣ ਵਿਚ ਦੇਰੀ ਕਿਉਂ ਕੀਤੀ ਗਈ।
ਸੁੁਪਰੀਮ ਕੋਰਟ ਨੇ ਦਿੱਲੀ, ਹਰਿਆਣਾ ਤੇ ਉਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਕਿ ਇਹ ਸੂਬਾ ਸਰਕਾਰਾਂ ਸਟੇਜ ਚਾਰ ਦੀਆਂ ਪਾਬੰਦੀਆਂ ਲਾਉਣ। ਇਸ ਤੋਂ ਇਲਾਵਾ ਇਕ ਨਿਗਰਾਨ ਟੀਮ ਵੀ ਬਣਾਈ ਜਾਵੇ ਜੋ ਇਨ੍ਹਾਂ ਪਾਬੰਦੀਆਂ ਨੂੰ ਲਾਗੂ ਕਰਨ ’ਤੇ ਨਜ਼ਰ ਰੱਖੇ। ਜੇ ਕੋਈ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਨਾਲ ਸਖਤੀ ਨਾਲ ਨਜਿੱਠਿਆ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਤੇ ਐਨਸੀਆਰ ਖੇਤਰ ਵਿਚ ਦਸਵੀਂ ਤੇ ਬਾਰ੍ਹਵੀਂ ਦੀਆਂ ਕਲਾਸਾਂ ਹੁਣ ਵੀ ਲਗ ਰਹੀਆਂ ਹਨ ਤੇ ਇਹ ਜਮਾਤਾਂ ਲਈ ਸਕੂਲ ਤੁਰੰਤ ਬੰਦ ਹੋਣੇ ਚਾਹੀਦੇ ਹਨ।
You must be logged in to post a comment Login