ਨਵੀਂ ਦਿੱਲੀ, 17 ਨਵੰਬਰ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਦਿੱਲੀ ’ਚ ਲਾਲ ਕਿਲੇ ਨੇੜੇ ਕਾਰ ਧਮਾਕੇ ਦੇ ਮਾਮਲੇ ’ਚ ਵੱਡੀ ਸਫ਼ਲਤਾ ਹਾਸਲ ਕਰਦਿਆਂ ‘ਫਿਦਾਈਨ ਹਮਲਾਵਰ’ ਡਾ. ਉਮਰ ਉਨ ਨਬੀ ਨਾਲ ਦਹਿਸ਼ਤੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ’ਚ ਸ਼ਾਮਲ ਰਹੇ ਕਸ਼ਮੀਰੀ ਨੌਜਵਾਨ ਆਮਿਰ ਰਾਸ਼ਿਦ ਅਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛ-ਪੜਤਾਲ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਧਮਾਕੇ ’ਚ ਵਰਤੀ ਗਈ ਕਾਰ ਜੰਮੂ ਕਸ਼ਮੀਰ ਦੇ ਪੰਪੋਰ ਦੇ ਸੰਬੂਰਾ ਨਿਵਾਸੀ ਆਮਿਰ ਦੇ ਨਾਮ ’ਤੇ ਰਜਿਸਟਰਡ ਸੀ। ਸੂਤਰਾਂ ਮੁਤਾਬਕ ਡਾਕਟਰਾਂ ਦੀ ਅਗਵਾਈ ਵਾਲੇ ਜਿਸ ਅਤਿਵਾਦੀ ਮੌਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ, ਉਹ ਪਿਛਲੇ ਸਾਲ ਤੋਂ ਹੀ ਫਿਦਾਈਨ ਦੀ ਭਾਲ ਕਰ ਰਿਹਾ ਸੀ ਅਤੇ ਮੁੱਖ ਸਾਜ਼ਿਸ਼ਘਾੜਾ ਡਾ. ਉਮਰ ਨਬੀ ਇਸ ਏਜੰਡੇ ਨੂੰ ਲਗਾਤਾਰ ਅੱਗੇ ਵਧਾ ਰਿਹਾ ਸੀ। ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਡਾ. ਉਮਰ ‘ਕੱਟੜਪੰਥੀ’ ਸੀ ਅਤੇ ਉਹ ਲਗਾਤਾਰ ਇਸ ਗੱਲ ’ਤੇ ਜ਼ੋਰ ਦਿੰਦਾ ਸੀ ਕਿ ਉਸ ਦੀ ਮੁਹਿੰਮ ਦੀ ਕਾਮਯਾਬੀ ਲਈ ਫਿਦਾਈਨ ਦੀ ਲੋੜ ਹੈ। ਲਾਲ ਕਿਲੇ ਨੇੜੇ ਕਾਰ ਧਮਾਕੇ ਵਾਲੀ ਥਾਂ ਦੇ ਮਲਬੇ ’ਚੋਂ ਮਿਲੇ ਤਿੰਨ ਕਾਰਤੂਸਾਂ ਦੀ ਸੁਰੱਖਿਆ ਬਲਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ’ਚੋਂ ਦੋ ਅਣਚੱਲੇ ਕਾਰਤੂਸ ਹਨ। ਸੂਤਰਾਂ ਨੇ ਕਿਹਾ ਕਿ ਰੌਂਦ 9 ਐੱਮ ਐੱਮ ਪਸਤੌਲ ਦੇ ਹਨ ਜੋ ਆਮ ਨਾਗਰਿਕ ਨਹੀਂ ਰੱਖ ਸਕਦੇ ਹਨ। ਇਹ ਰੌਂਦ ਸੜੀ ਹੋਈ ਹੁੰਡਈ ਆਈ20 ਕਾਰ ਨੇੜਿਉਂ ਮਿਲੇ ਹਨ ਜਿਸ ਦੇ 10 ਨਵੰਬਰ ਨੂੰ ਧਮਾਕੇ ਕਾਰਨ 13 ਜਣੇ ਮਾਰੇ ਗਏ ਅਤੇ ਦੋ ਦਰਜਨ ਤੋਂ ਵਧ ਹੋਰ ਜ਼ਖ਼ਮੀ ਹੋ ਗਏ ਸਨ। ਜਾਂਚ ਏਜੰਸੀਆਂ ਵੱਲੋਂ ਧਮਾਕੇ ਨਾਲ ਸਬੰਧਤ ਹੋਰ ਵਿਅਕਤੀਆਂ ਦੀ ਪੈੜ ਨੱਪਣ ਲਈ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਛਾਪੇ ਮਾਰੇ ਜਾ ਰਹੇ ਹਨ।

You must be logged in to post a comment Login