ਦਿੱਲੀ ਪੁਲਸ ਨੇ ਗੀਤਾ ਫੋਗਾਟ ਨੂੰ ਲਿਆ ਹਿਰਾਸਤ ‘ਚ

ਦਿੱਲੀ ਪੁਲਸ ਨੇ ਗੀਤਾ ਫੋਗਾਟ ਨੂੰ ਲਿਆ ਹਿਰਾਸਤ ‘ਚ

ਦਿੱਲੀ- ਦਿੱਲੀ ਪੁਲਸ ਨੇ ਵੀਰਵਾਰ ਨੂੰ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਗੀਤਾ ਫੋਗਾਟ ਨੂੰ ਹਿਰਾਸਤ ਵਿੱਚ ਲਿਆ ਸੀ। ਗੀਤਾ ਫੋਗਾਟ ਨੇ ਖੁਦ ਫੇਸਬੁੱਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਉਸਨੇ ਆਪਣੇ ਟਵੀਟ ਵਿੱਚ ਲਿਖਿਆ, ਮੈਨੂੰ ਅਤੇ ਮੇਰੇ ਪਤੀ ਪਵਨ ਸਰੋਹਾ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਬਹੁਤ ਦੁਖਦ। ਗੀਤਾ ਫੋਗਾਟ ਆਪਣੇ ਪਤੀ ਨਾਲ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਦਾ ਸਮਰਥਨ ਕਰਨ ਲਈ ਨਿਕਲੀ ਸੀ। ਦਿੱਲੀ ਪੁਲਸ ਨੇ ਦੋਵਾਂ ਨੂੰ ਸਿੰਘੂ ਬਾਰਡਰ ‘ਤੇ ਹਿਰਾਸਤ ‘ਚ ਲੈ ਲਿਆ। ਇਸ ਤੋਂ ਬਾਅਦ ਉਨ੍ਹਾ ਨੂੰ ਬਵਾਨਾ ਥਾਣੇ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਜੰਤਰ-ਮੰਤਰ ‘ਤੇ ਹੋਏ ਬਵਾਲ ਤੋਂ ਬਾਅਦ ਪਹਿਲਵਾਨਾਂ ‘ਚ ਕਾਫੀ ਗੁੱਸਾ ਹੈ।

ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧ ਵਿਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਇੱਥੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਕੁਝ ਪੁਲਸ ਮੁਲਾਜ਼ਮਾਂ ਵਿਚਾਲੇ ਬੁੱਧਵਾਰ ਰਾਤ ਨੂੰ ‘ਹੱਥੋਪਾਈ’ ਹੋ ਗਈ, ਜਿਸ ਕਾਰਨ ਕੁੱਝ ਪ੍ਰਦਰਸ਼ਨਕਾਰੀਆਂ ਦੇ ਸਿਰ ‘ਤੇ ਸੱਟਾਂ ਲੱਗ ਗਈਆਂ ਹਨ। ਪਹਿਲਵਾਨਾਂ ਨੇ ਦੋਸ਼ ਲਾਇਆ ਕਿ ਲਗਾਤਾਰ ਮੀਂਹ ਪੈਣ ਕਾਰਨ ਗੱਦੇ ਗਿੱਲੇ ਹੋ ਗਏ ਸਨ, ਇਸ ਲਈ ਅਸੀਂ ਸੌਣ ਲਈ ਫੋਲਡਿੰਗ ਬੈੱਡ ਲਾ ਰਹੇ ਸੀ ਪਰ ਪੁਲਸ ਨੇ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਪਹਿਲਵਾਨਾਂ ਅਤੇ ਪੁਲਸ ਵਿਚਾਲੇ ਹੱਥੋਪਾਈ ਹੋ ਗਈ। ਇਸ ਤੋਂ ਪਹਿਲਾਂ ਗੀਤਾ ਫੋਗਾਟ ਦੇ ਪਿਤਾ ਅਤੇ ਦਰੋਣਾਚਾਰੀਆ ਐਵਾਰਡੀ ਮਹਾਵੀਰ ਫੋਗਾਟ ਨੇ ਐਲਾਨ ਕੀਤਾ ਸੀ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਦਿੱਲੀ ਦਾ ਘਿਰਾਓ ਕਰਨਗੇ। ਉਨ੍ਹਾਂ ਨੇ ਦਰੋਣਾਚਾਰੀਆ ਪੁਰਸਕਾਰ ਵਾਪਸ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ। ਮਹਾਵੀਰ ਫੋਗਾਟ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਲੜਾਈ ਵਿੱਚ ਉਨ੍ਹਾਂ ਦੀ ਛੋਟੀ ਬੇਟੀ ਅਤੇ ਭਾਜਪਾ ਨੇਤਾ ਬਬੀਤਾ ਫੋਗਾਟ ਵੀ ਉਨ੍ਹਾਂ ਦੇ ਨਾਲ ਹੈ।

You must be logged in to post a comment Login