ਨਵੀਂ ਦਿੱਲੀ, 1 ਅਪਰੈਲ- ਦਿੱਲੀ ਪੁਲੀਸ ਨੇ ਕਾਂਝਵਾਲਾ ਹਿੱਟ ਐਂਡ ਡਰੈਗ ਮਾਮਲੇ ਵਿਚ 7 ਮੁਲਜ਼ਮਾਂ ਖ਼ਿਲਾਫ਼ 800 ਪੰਨਿਆਂ ਦਾ ਦੋਸ਼ ਪੱਤਰ ਦਾਖਲ ਕੀਤਾ ਹੈ। ਇਸ ਸਾਲ ਜਨਵਰੀ ਮਹੀਨੇ ਕਾਂਝਵਾਲਾ ’ਚ ਵਾਪਰੀ ਇਸ ਘਟਨਾ ਵਿੱਚ 20 ਸਾਲਾਂ ਦੀ ਔਰਤ ਅੰਜਲੀ ਸਿੰਘ ਦੀ ਕਾਰ ਹੇਠਾਂ ਘੜੀਸੇ ਜਾਣ ਮਗਰੋਂ ਮੌਤ ਹੋ ਗਈ ਸੀ। ਮੈਟਰੋਪੌਲੀਟਿਨ ਮੈਜਿਸਟਰੇਟ ਸਾਨੀਆ ਦਲਾਲ ਨੇ ਇਸ ਮਾਮਲੇ ਵਿਚਾਰ ਲਈ ਸੁਣਵਾਈ ਦੀ ਅਗਲੀ ਤਰੀਕ 13 ਅਪਰੈਲ ਤੈਅ ਕੀਤੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਦੀਪਕ ਖੰਨਾ, ਅਮਿਤ ਖੰਨਾ, ਕ੍ਰਿਸ਼ਨ, ਮਿਥੁਨ ਅਤੇ ਮਨੋਜ ਮਿੱਤਲ ਨੂੰ 2 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋ ਹੋਰ ਮੁਲਜ਼ਮਾਂ ਆਸ਼ੂਤੋਸ਼ ਭਾਰਦਵਾਜ ਅਤੇ ਅੰਕੁਸ਼ ਨੂੰ ਪਹਿਲਾਂ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ। ਦੀਪਕ ਖੰਨਾ ਦੀ ਜ਼ਮਾਨਤ ਪਟੀਸ਼ਨ ਸੈਸ਼ਨ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਪੁਲੀਸ ਅਨੁਸਾਰ, ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜਾਂਚ ਪੂਰੀ ਹੋਣ ’ਤੇ ਲਗਪਗ 117 ਗਵਾਹਾਂ ਦੇ ਨਾਲ 800 ਪੰਨਿਆਂ ਦੀ ਚਾਰਜਸ਼ੀਟ ਤਿਆਰ ਕੀਤੀ ਗਈ ਸੀ। ਚਾਰਜਸ਼ੀਟ ਮੁਤਾਬਕ ਅਮਿਤ ਖੰਨਾ, ਕ੍ਰਿਸ਼ਨ, ਮਿਥੁਨ ਅਤੇ ਮਨੋਜ ਮਿੱਤਲ ’ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਆਸ਼ੂਤੋਸ਼ ਅਤੇ ਅਮਿਤ ਖੰਨਾ ’ਤੇ ਵੀ ਮੋਟਰ ਵਾਹਨ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ’ਤੇ ਅੰਜਲੀ ਸਿੰਘ (20) ਦੀ ਉਸ ਸਮੇਂ ਮੌਤ ਹੋ ਗਈ ਸੀ, ਜਦੋਂ ਉਸ ਦੇ ਸਕੂਟਰ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ ਅਤੇ ਕਾਰ ਅੰਜਲੀ ਨੂੰ ਸੁਲਤਾਨਪੁਰ ਤੋਂ ਕਾਂਝਵਾਲਾ ਤੱਕ 12 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਘੜੀਸ ਕੇ ਲੈ ਗਈ ਸੀ।

You must be logged in to post a comment Login