ਬਠਿੰਡਾ- ਦੀਵਾਲੀ ਤੋਂ ਪਹਿਲਾਂ ਅਕਾਲ ਤਖਤ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਬਦਲਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ, ਸ਼੍ਰੋਮਣੀ ਅਕਾਲੀ ਦਲ ਨੇ ਚੁੱਪ-ਚਪੀਤੇ ਨਵੇਂ ਜਥੇਦਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਉੱਥੇ ਹੀ, ਗਿਆਨੀ ਗੁਰਬਚਨ ਸਿੰਘ ਵੀ ਅਹੁਦਾ ਛੱਡਣ ਦੀ ਤਿਆਰੀ ‘ਚ ਹਨ ਅਤੇ ਅੰਦਰਖਾਤੇ ਅਹੁਦਾ ਛੱਡਣ ਦੀ ਪੇਸ਼ਕਸ਼ ਵੀ ਲੀਡਰਸ਼ਿਪ ਕੋਲ ਕਰ ਦਿੱਤੀ ਹੈ।ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਜਾਣੀ ਹੈ ਪਰ ਬਾਦਲ ਪਰਿਵਾਰ ਨਵੇਂ ਜਥੇਦਾਰ ਦੀ ਤਲਾਸ਼ ‘ਚ ਜੁਟਿਆ ਹੋਇਆ ਹੈ। ਸੂਤਰਾਂ ਮੁਤਾਬਕ, ਸੁਖਬੀਰ ਸਿੰਘ ਬਾਦਲ ਭਰੋਸੇਮੰਦ ਜਥੇਦਾਰ ਨੂੰ ਨਿਯੁਕਤ ਕਰਨਾ ਚਾਹੁੰਦੇ ਹਨ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਕਈ ਨਾਮ ਜਥੇਦਾਰ ਦੇ ਅਹੁਦੇ ਲਈ ਸੁਝਾਏ ਵੀ ਗਏ ਹਨ ਪਰ ਬਾਦਲ ਪਰਿਵਾਰ ਨੂੰ ਕੋਈ ਢੁਕਵਾਂ ਨਾਮ ਨਹੀਂ ਮਿਲ ਰਿਹਾ ਹੈ।ਬਾਦਲ ਪਰਿਵਾਰ ਅਜਿਹੀ ਸ਼ਖਸੀਅਤ ਦੀ ਤਲਾਸ਼ ‘ਚ ਹੈ ਜਿਸ ਨਾਲ ਪੁਰਾਣੇ ਦਾਗ ਵੀ ਧੋਤੇ ਜਾ ਸਕਣ ਅਤੇ ਵਿਦੇਸ਼ਾਂ ‘ਚ ਵੱਸਦੇ ਸਿੱਖਾਂ ‘ਚ ਵੀ ਉਹ ਮਨਜ਼ੂਰ ਹੋਣ।ਰਿਪੋਰਟਾਂ ਮੁਤਾਬਕ, ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਤਲਾਸ਼ ‘ਚ ਕਾਮਯਾਬੀ ਮਿਲੀ ਤਾਂ ਇਸ ਵਾਰ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਮ ਸੰਦੇਸ਼ ਨਵਾਂ ਜਥੇਦਾਰ ਦੇਵੇਗਾ।ਜ਼ਿਕਰਯੋਗ ਹੈ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਭ ਤੋਂ ਵੱਧ ਉਦੋਂ ਵਿਵਾਦਾਂ ‘ਚ ਆਏ ਸਨ, ਜਦੋਂ ਉਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇ ਦਿੱਤੀ ਸੀ।ਉਨ੍ਹਾਂ ‘ਤੇ ਸਭ ਤੋਂ ਵੱਧ ਇਲਜ਼ਾਮ ਇਹੋ ਹਨ ਕਿ ਉਨ੍ਹਾਂ ਨੇ ਸਿਆਸੀ ਦਬਾਅ ਹੇਠ ਕੰਮ ਕੀਤਾ ਅਤੇ ਅਕਾਲ ਤਖਤ ਦੀ ਮਰਿਆਦਾ ਦਾ ਵੀ ਖਿਆਲ ਨਹੀਂ ਕੀਤਾ।

You must be logged in to post a comment Login