ਜਲੰਧਰ -ਅਮਰੀਕਾ ਦੀਆਂ ਜੇਲ੍ਹਾਂ ‘ਚ ਪੰਜਾਬੀ ਨੌਜਵਾਨਾਂ ਦੇ ਬੰਦ ਹੋਣ ਦੀਆਂ ਆ ਰਹੀਆਂ ਖ਼ਬਰਾਂ ਬਾਅਦ ਪੱਤਰਕਾਰਾਂ ਵਲੋਂ ਡੂੰਘਾਈ ਨਾਲ ਕੀਤੀ ਖੋਜ ਪੜਤਾਲ ਵਿਚ ਇਹ ਤੱਥ ਸਾਹਮਣੇ ਆਇਆ ਹੈ ਕਿ ਪੂਰੇ ਦੁਆਬਾ ਖੇਤਰ ਵਿਚ ਗ਼ੈਰ-ਕਾਨੂੰਨੀ ਮਨੁੱਖੀ ਤਸਕਰੀ ਦਾ ਧੰਦਾ ਬੇਰੋਕ-ਟੋਕ ਧੜੱਲੇ ਨਾਲ ਚੱਲ ਰਿਹਾ ਹੈ। ਦੁਆਬਾ ਖੇਤਰ ਵਿਚ ਸੌ ਤੋਂ ਵਧੇਰੇ ਵੱਡੇ-ਛੋਟੇ ਏਜੰਟ ਇਸ ਕਾਰੋਬਾਰ ‘ਚ ਲੱਗੇ ਹੋਏ ਹਨ ਤੇ ਹਰ ਸਾਲ ਅਜਿਹੇ ਏਜੰਟ ਘੱਟੋ-ਘੱਟ 200 ਕਰੋੜ ਰੁਪਏ ਦੀ ਕਮਾਈ ਕਰ ਜਾਂਦੇ ਹਨ। ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਛੋਟੇ-ਮੋਟੇ ਕਾਰੋਬਾਰੀ ਇਸ ਧੰਦੇ ਨਾਲ ਜੁੜਦਿਆਂ ਹੀ ਮਹਿੰਗੀਆਂ ਕਾਰਾਂ, ਕੋਠੀਆਂ ਦੇ ਮਾਲਕ ਬਣ ਜਾਂਦੇ ਹਨ ਤੇ ਵਿਦੇਸ਼ਾਂ ਦੇ ਦੌਰੇ ਕਰਨ ਲੱਗ ਪੈਂਦੇ ਹਨ। ਗ਼ੈਰ-ਕਾਨੂੰਨੀ ਤਰੀਕੇ ਅਮਰੀਕਾ ਭੇਜਣ ਦਾ ਧੰਦਾ ਉਂਝ ਤਾਂ ਦੁਆਬੇ ਦੇ ਸਾਰੇ ਖੇਤਰਾਂ ਵਿਚ ਹੀ ਚੱਲ ਰਿਹਾ ਹੈ, ਪਰ ਇਸ ਵੇਲੇ ਸੁਲਤਾਨਪੁਰ ਲੋਧੀ ਖੇਤਰ ਦੇ ਲੋਕਾਂ ਸਿਰ ਵਿਦੇਸ਼ ਭੇਜਣ ਦਾ ਭੂਤ ਸਭ ਤੋਂ ਵਧੇਰੇ ਸਵਾਰ ਹੈ। ਇਸ ਖੇਤਰ ‘ਚ ਤਿੰਨ ਦਰਜਨ ਤੋਂ ਵਧੇਰੇ ਏਜੰਟ, ਸਬ-ਏਜੰਟਾਂ ਨੇ ਜਾਲ ਵਿਛਾਇਆ ਹੋਇਆ ਹੈ। ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਤਹਿਸੀਲ ਦੇ ਦੂਰ-ਦੁਰਾਡੇ ਦੇ ਪਿੰਡ ਦਾ ਇਕ 35 ਸਾਲਾ ਨੌਜਵਾਨ ਐਰੀਜੋਨਾ ਦੀ ਜੇਲ੍ਹ ‘ਚ ਬੰਦ ਹੈ ਤੇ ਜ਼ਮਾਨਤ ਲਈ ਸੁਣਵਾਈ ਚੱਲ ਰਹੀ ਹੈ। ਮਾਪਿਆਂ ਨੇ ਦੱਸਿਆ ਕਿ 27 ਲੱਖ ਰੁਪਏ ਦਾ ਸੌਦਾ ਤੈਅ ਕਰਕੇ ਪੰਜ ਮਹੀਨੇ ਪਹਿਲਾਂ ਉਹ ਸੁਰਜੀਤ ਸਿੰਘ ਉਰਫ਼ ਬੱਗਾ ਦੋਧੀ ਤੇ ਸਕੱਤਰ ਸਿੰਘ ਹਰਨਾਮਪੁਰ ਏਜੰਟਾਂ ਰਾਹੀਂ ਅਮਰੀਕਾ ਗਿਆ ਸੀ। ਮਾਪਿਆਂ ਨੇ ਦੱਸਿਆ ਕਿ ਉਕਤ ਦੋਵਾਂ ਏਜੰਟਾਂ ਨੇ ਮੰਨਿਆ ਕਿ ਸੌਦਾ 27 ਲੱਖ ਰੁਪਏ ਦਾ ਸੀ, ਪਰ ਦਿੱਤੇ 24.75 ਲੱਖ ਰੁਪਏ ਹੀ ਹਨ। ਸਵਾ ਦੋ ਲੱਖ ਅਜੇ ਬਕਾਇਆ ਹੈ। ਉਕਤ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਕੁਝ ਹੋਰ ਨੌਜਵਾਨਾਂ ਨਾਲ ਉਸ ਦੇ ਭਰਾ ਨੂੰ ਦਿੱਲੀ ਤੋਂ ਵੀਜ਼ਾ ਲਗਵਾ ਕੇ ਗਰੀਸ ਭੇਜਿਆ ਗਿਆ। ਉਥੋਂ ਸ਼ੈਨੇਗਨ ਵੀਜ਼ੇ ‘ਤੇ ਘਰੇਲੂ ਉਡਾਣ ਰਾਹੀਂ ਸਪੇਨ ਲਿਜਾਇਆ ਗਿਆ। ਇਥੋਂ ਫਿਰ ਮੈਕਸੀਕੋ ਭੇਜਿਆ ਗਿਆ। ਸ਼ੈਨੇਗਨ ਵੀਜ਼ਾ ਧਾਰਕ ਮੈਕਸੀਕੋ ਵੀ ਜਾ ਸਕਦੇ ਹਨ। ਮੈਕਸੀਕੋ ਵਿਖੇ ਉਸ ਦੇ ਭਰਾ ਦੇ ਨਾਲ 70 ਦੇ ਕਰੀਬ ਹੋਰ ਪੰਜਾਬੀ ਮੁੰਡੇ ਕਈ ਦਿਨ ਇਕ ਘਰ ਵਿਚ ਬੰਦ ਕਰਕੇ ਰੱਖੇ ਗਏ ਤੇ ਖਾਣ-ਪੀਣ ਲਈ ਮਾੜਾ-ਮੋਟਾ ਗੁਜ਼ਾਰਾ ਕਰਨ ਲਈ ਦਿੱਤਾ ਜਾਂਦਾ ਸੀ। ਉਥੋਂ ਕਰੀਬ 36 ਘੰਟੇ ਦਾ ਬੱਸ ਸਫ਼ਰ ਕਰਵਾ ਕੇ ਉਨ੍ਹਾਂ ਨੂੰ ਮੈਕਸੀਕੋ ਦੀ ਕੰਧ ਟਪਾ ਦਿੱਤਾ ਗਿਆ। ਮੰਦੇ ਭਾਗੀਂ ਉਹ ਅਮਰੀਕੀ ਬਾਰਡਰ ਫੋਰਸ ਦੇ ਹੱਥ ਆ ਗਏ ਤੇ ਉਸ ਸਮੇਂ ਤੋਂ ਉਹ ਐਰੀਜੋਨਾ ਦੀ ਜੇਲ੍ਹ ਵਿਚ ਹੈ। ਫੋਨ ‘ਤੇ ਮਾਪਿਆਂ ਨਾਲ ਹੋਈ ਗੱਲਬਾਤ ‘ਚ ਉਸ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਖੇਤਰ ਦੇ 20 ਹੋਰ ਨੌਜਵਾਨ ਉਸ ਦੇ ਨਾਲ ਜੇਲ੍ਹ ‘ਚ ਬੰਦ ਹਨ। ਇਨ੍ਹਾਂ ਵਿਚ ਕਾਂਗਰਸ ਤੋਂ ਅਕਾਲੀ ਬਣੇ ਇਕ ਆਗੂ ਦਾ ਭਤੀਜਾ ਤੇ ਮੇਵਾ ਸਿੰਘ ਵਾਲਾ ਦਾ ਇਕ ਨੌਜਵਾਨ ਵੀ ਸ਼ਾਮਿਲ ਹੈ। ਇਸੇ ਤਰ੍ਹਾਂ ਕਬੀਰਪੁਰ ਤੇ ਮਜੀਦਪੁਰ ਦੇ ਦੋ ਨੌਜਵਾਨ ਇਨ੍ਹਾਂ ਵਿਚ ਸ਼ਾਮਿਲ ਹਨ। ਇਸੇ ਤਰ੍ਹਾਂ ਮੁਹੱਬਲੀ ਪਿੰਡ ਦਾ ਇਕ ਨੌਜਵਾਨ ਤੇ ਦੋ ਨੌਜਵਾਨ ਮਹਿਜੀਦਪੁਰ ਤੋਂ ਹਨ, ਇਨ੍ਹਾਂ ਵਿਚੋਂ ਦੋ ਜੇਲ੍ਹ ‘ਚ ਦੱਸੇ ਜਾਂਦੇ ਹਨ। ਸਬ-ਏਜੰਟ ਵਲੋਂ ਵਿਚਰਦੇ ਸੁਰਜੀਤ ਸਿੰਘ ਦੋਧੀ ਦਾ ਕਹਿਣਾ ਹੈ ਕਿ ਸੁਲਤਾਨਪੁਰ ਲੋਧੀ ਦਾ ਕੋਈ ਪਿੰਡ ਹੀ ਅਜਿਹਾ ਹੋਵੇਗਾ ਜਿਥੇ ਦਾ ਕੋਈ ਨੌਜਵਾਨ ਵਿਦੇਸ਼ ਨਾ ਗਿਆ ਹੋਵੇ। ਸੁਲਤਾਨਪੁਰ ਲੋਧੀ ਵਿਖੇ ਏਜੰਟ ਵਜੋਂ ਕੰਮ ਕਰ ਰਹੇ ਸਕੱਤਰ ਸਿੰਘ ਨਾਲ ਜਦ ਸੰਪਰਕ ਕੀਤਾ ਤਾਂ ਉਸ ਨੇ ਸ਼ਰ੍ਹੇਆਮ ਕਿਹਾ ਕਿ ਮੈਂ ਪਹਿਲਾਂ ਵੀ ਕੰਮ ਕਰਦਾ ਸੀ ਤੇ ਹੁਣ ਵੀ ਕਰ ਰਿਹਾ ਹਾਂ। ਉਸ ਨੇ ਦੱਸਿਆ ਕਿ ਮੇਰੇ ਰਾਹੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਆਰਫ਼ਕੇ ਦਾ ਜਸਕਰਨ ਸਿੰਘ, ਸੁਲਤਾਨਪੁਰ ਖੇਤਰ ਦੇ ਕਬੀਰਪੁਰ ਦਾ ਰਣਜੀਤ ਸਿੰਘ ਅਤੇ ਸਰਾਏ ਜੱਟਾਂ ਦਾ ਰਮਿੰਦਰ ਸਿੰਘ ਅਮਰੀਕਾ ਗਏ ਹਨ। ਇਨ੍ਹਾਂ ਦੇ ਨਾਲ ਮੁੱਖ ਏਜੰਟ ਵਲੋਂ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਸ: ਬਲਦੇਵ ਸਿੰਘ ਘਾੜਵੀਆ ਵੀ ਕੰਮ ਕਰਦਾ ਹੈ। ਸੁਰਜੀਤ ਸਿੰਘ ਦੋਧੀ ਦਾ ਕਹਿਣਾ ਹੈ ਕਿ ਉਹ ਨੌਜਵਾਨਾਂ ਨੂੰ ਸਕੱਤਰ ਸਿੰਘ ਤੇ ਬਲਦੇਵ ਸਿੰਘ ਘਾੜਵੀਏ ਨਾਲ ਮਿਲਾਉਂਦਾ ਹੈ। ਪਤਾ ਲੱਗਾ ਹੈ ਕਿ ਇਹ ਸਾਰੇ ਏਜੰਟ ਕਪੂਰਥਲਾ ਵਿਖੇ ਰਹਿੰਦੇ ਹਨ। ਪਤਾ ਲੱਗਾ ਹੈ ਕਿ ਇਹ ਸਾਰੇ ਏਜੰਟ ਕਪੂਰਥਲਾ ਵਿਖੇ ਰਹਿੰਦੇ ਇਕ ‘ਦਿੱਲੀ ਵਾਲਾ’ ਦੇ ਨਾਂਅ ਨਾਲ ਮਸ਼ਹੂਰ ਵਿਅਕਤੀ ਰਾਹੀਂ ਦਿੱਲੀ ‘ਚ ਕੰਮ ਕਰਦੇ ਟੀਟੂ ਨਾਂਅ ਦੇ ਏਜੰਟ ਨਾਲ ਜੁੜਦੇ ਹਨ।
ਹੁਣ ਦੁਬਈ ਤੇ ਜਾਪਾਨ ਬਣੇ ਲਾਂਘਾ
ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਿਛਲੇ ਸਮੇਂ ਗਰੀਸ ਦੀ ਦਿੱਲੀ ਸਥਿਤ ਅੰਬੈਸੀ ‘ਚ ਹੋਈ ਕਿਸੇ ਗੜਬੜ ਤੇ ਬਦਨਾਮੀ ਕਾਰਨ ਇਥੋਂ ਵੀਜ਼ੇ ਮਿਲਣੇ ਮੁਸ਼ਕਿਲ ਹੋ ਗਏ ਹਨ ਤੇ ਏਜੰਟਾਂ ਨੇ ਪੰਜਾਬੀ ਮੁੰਡਿਆਂ ਨੂੰ ਮੈਕਸੀਕੋ ਭੇਜਣ ਲਈ ਡੁਬਈ ਤੇ ਜਾਪਾਨ ਨੂੰ ਲਾਂਘੇ ਵਜੋਂ ਵਰਤਣਾ ਸ਼ੁਰੂ ਕੀਤਾ ਹੈ ਤੇ ਇਸ ਵੇਲੇ ਨਵੇਂ ਜਾ ਰਹੇ ਨੌਜਵਾਨ ਇਸ ਲਾਂਘੇ ਰਾਹੀਂ ਹੀ ਲਿਜਾਏ ਜਾ ਰਹੇ ਹਨ।
ਤਲਵੰਡੀ ਚੌਧਰੀਆਂ ਨੇ ਅਮਰੀਕਾ ਜਾਣ ‘ਚ ਮਾਰੀ ਬਾਜ਼ੀ
ਕਪੂਰਥਲਾ ਰਿਆਸਤ ਦਾ ਪੁਰਾਣੇ ਜਗੀਰਦਾਰਾਂ ਦਾ ਪਿੰਡ ਤਲਵੰਡੀ ਚੌਧਰੀਆਂ ਵੱਡਾ ਪਿੰਡ ਹੈ। ਇਸ ਪਿੰਡ ਦੇ ਨੌਜਵਾਨਾਂ ਨੂੰ ਵੀ ਵਿਦੇਸ਼ ਜਾਣ ਦਾ ਅਜਿਹਾ ਝੱਸ ਪਿਆ ਹੈ ਕਿ ਕਰੀਬ ਸਵਾ ਕੁ ਸਾਲ ਵਿਚ ਹੀ 70 ਦੇ ਕਰੀਬ ਇਸ ਪਿੰਡ ਦੇ ਨੌਜਵਾਨ ਅਮਰੀਕਾ ਉਡਾਰੀ ਮਾਰ ਗਏ ਹਨ। ‘ਅਜੀਤ’ ਦੇ ਇਸ ਪੱਤਰਕਾਰ ਵਲੋਂ ਕੀਤੀ ਖੋਜ-ਪੜਤਾਲ ‘ਚ ਪਤਾ ਲੱਗਿਆ ਕਿ ਇਸ ਪਿੰਡ ਵਿਚ ਹੀ ਦੋ ਅਜਿਹੇ ਵਿਅਕਤੀ ਹਨ ਜੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਰਾਜ ਕੁਮਾਰ ਵਰਮਾ ਉਰਫ ਰਾਜੂ ਅਤੇ ਬਿੱਕਾ ਭਲਵਾਨ ਨੇ ਪਤਾ ਲੱਗਾ ਹੈ ਕਿ ਤਲਵੰਡੀ ਚੌਧਰੀਆਂ ਦੇ 70 ਦੇ ਕਰੀਬ ਨੌਜਵਾਨ ਅਮਰੀਕਾ ਭੇਜੇ ਹਨ ਤੇ ਇਨ੍ਹਾਂ ਵਿਚ ਕਾਫ਼ੀ ਜਣੇ ਪਿੰਡ ਦੇ ਚੰਦੜ ਮੁਹੱਲੇ ਨਾਲ ਸਬੰਧਿਤ ਹਨ। ਰਾਜੂ ਨੇ ਦੱਸਿਆ ਕਿ ਉਹ ਇਸ ਕਾਰੋਬਾਰ ਨਾਲ ਜੁੜਿਆ ਰਿਹਾ ਹੈ, ਪਰ ਹੁਣ ਉਹ ਛੱਡ ਗਿਆ ਹੈ, ਪਰ ਬਿੱਕਾ ਭਲਵਾਨ ਦੇ ਭੇਜੇ ਤਿੰਨ ਮੁੰਡੇ ਹੁਣ ਦੱਸਿਆ ਜਾਂਦਾ ਹੈ ਕਿ ਅਮਰੀਕਾ ਦੀ ਮਿਆਮੀ ਜੇਲ੍ਹ ‘ਚ ਬੰਦ ਹਨ ਤੇ ਉਨ੍ਹਾਂ ਦੀ ਜ਼ਮਾਨਤ ਲਈ ਉਹ ਭੱਜ-ਨੱਠ ਕਰ ਰਿਹਾ ਹੈ।
ਅਮਰੀਕਾ ਜਾਣ ਦਾ ਝੱਸ ਬੇਗੋਵਾਲ ਤੋਂ ਸੁਲਤਾਨਪੁਰ ਲੋਧੀ ਪੁੱਜਾ
ਬੇਗੋਵਾਲ ਖੇਤਰ ਤੋਂ ਤੁਰਿਆ ਅਮਰੀਕਾ ਜਾਣ ਦਾ ਝੱਸ ਹੁਣ ਸੁਲਤਾਨਪੁਰ ਲੋਧੀ ਦੇ ਪੂਰੇ ਖੇਤਰ ਦੇ ਨੌਜਵਾਨਾਂ ਸਿਰ ਚੜ੍ਹ ਬੋਲ ਰਿਹਾ ਹੈ। ਇਸ ਖੇਤਰ ‘ਚ ਪੇਂਡੂ ਨੌਜਵਾਨਾਂ ਦਾ ਸੰਪਰਕ ਏਜੰਟਾਂ ਨਾਲ ਕਰਵਾਉਣ ਲਈ ਕਈ ਦਰਜਨ ਸਬ-ਏਜੰਟ ਪੈਦਾ ਹੋ ਗਏ ਹਨ। ਪਿਛਲੇ ਡੇਢ-ਦੋ ਸਾਲ ਦੇ ਅਰਸੇ ਵਿਚ ਹੀ ਇਸ ਖੇਤਰ ‘ਚੋਂ 500 ਦੇ ਕਰੀਬ ਨੌਜਵਾਨ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਨੂੰ ਉਡਾਰੀ ਮਾਰ ਗਏ ਹਨ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਭ ਸਖ਼ਤੀਆਂ ਦੇ ਬਾਵਜੂਦ 95 ਫ਼ੀਸਦੀ ਤੋਂ ਵਧੇਰੇ ਅਮਰੀਕਾ ‘ਚ ਵਸਣ ਲਈ ਕੋਈ ਨਾ ਕੋਈ ਕਾਗਜ਼ ਹਾਸਲ ਕਰਨ ਦਾ ਜੁਗਾੜ ਲਗਾ ਚੁੱਕੇ ਹਨ। ਇਸ ਖੇਤਰ ਦੇ ਸੈਂਕੜੇ ਲੋਕਾਂ ਤੇ ਦਰਜਨ ਤੋਂ ਵਧੇਰੇ ਲੱਖਾਂ ਰੁਪਏ ਲੈ ਕੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਧੰਦੇ ਵਿਚ ਲੱਗੇ ਏਜੰਟਾਂ ਨਾਲ ਗੱਲਬਾਤ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਨੌਜਵਾਨਾਂ ਸਿਰ ਅਮਰੀਕਾ ਜਾਣ ਦਾ ਭੂਤ ਏਨਾ ਸਵਾਰ ਹੈ ਕਿ ਉਹ ਜਾਨ ਜ਼ੋਖ਼ਮ ਵਿਚ ਪਾਉਣ ਤੇ ਇਥੋਂ ਦਾ ਸਾਰਾ ਕੁਝ ਵੇਚ-ਵੱਟ ਕੇ ਏਜੰਟਾਂ ਦੀ ਝੋਲੀ ਪਾਉਣ ਲਈ ਤਿਆਰ ਹੋ ਜਾਂਦੇ ਹਨ। ਇਕ ਨੌਜਵਾਨ ਨੂੰ ਅਮਰੀਕਾ ਭੇਜਣ ਲਈ ਘੱਟੋ-ਘੱਟ 25 ਤੋਂ 30 ਲੱਖ ਰੁਪਏ ਵਿਚਕਾਰ ਸੌਦਾ ਤੈਅ ਹੁੰਦਾ ਹੈ। ਮਿਲੀ ਜਾਣਕਾਰੀ ਅਨੁਸਾਰ 3 ਤੋਂ 5 ਲੱਖ ਰੁਪਏ ਤੱਕ ਸਥਾਨਕ ਏਜੰਟ ਰੱਖ ਲੈਂਦੇ ਹਨ ਤੇ ਬਾਕੀ ਦਿੱਲੀ ਤੋਂ ਮੈਕਸੀਕੋ ਰਾਹੀਂ ਕੰਧ ਟਪਾ ਕੇ ਅਮਰੀਕਾ ਵਾੜਨ ਵਾਲੇ ਵੰਡ ਲੈਂਦੇ ਹਨ। ਕੰਧ ਟੱਪ ਕੇ ਅਮਰੀਕਾ ਦਾਖ਼ਲ ਹੋਣ ਵਾਲੇ ਕਿਸਮਤ ਵਾਲੇ ਸਮਝੇ ਜਾਂਦੇ ਹਨ, ਪਰ ਜਿਹੜੇ ਮੈਕਸੀਕੋ ਦੀ ਕੰਧ ਟੱਪਦੇ ਫੜੇ ਜਾਂਦੇ ਹਨ, ਉਨ੍ਹਾਂ ਨੂੰ ਕੈਂਪ (ਅਰਜ਼ੀ ਜੇਲ੍ਹ) ਭੇਜ ਦਿੱਤਾ ਜਾਦਾ ਹੈ। ਉਨ੍ਹਾਂ ਨੂੰ ਫਿਰ ਕਰੀਬ ਇਕ ਲੱਖ ਰੁਪਏ ਫੀਸ ਤੇ 15 ਤੋਂ 20 ਲੱਖ ਰੁਪਏ ਜ਼ਮਾਨਤੀ ਬਾਂਡ ਭਰਨੇ ਪੈਂਦੇ ਹਨ। ਇਸ ਤਰ੍ਹਾਂ ਇਨ੍ਹਾਂ ਨੂੰ ਅਮਰੀਕਾ ਜਾਣਾ ਕਰੀਬ 50 ਲੱਖ ‘ਚ ਪੈਂਦਾ ਹੈ। ਪਰ ਜਿਨ੍ਹਾਂ ਨੂੰ ਸਿਆਸੀ ਸ਼ਰਨ ਨਹੀਂ ਮਿਲਦੀ, ਉਹ ਵਾਪਸ ਭੇਜ ਦਿੱਤੇ ਜਾਂਦੇ ਹਨ ਤੇ ਉਨ੍ਹਾਂ ਦਾ 25-30 ਲੱਖ ਰੁਪਿਆ ਮਿੱਟੀ ਹੋ ਜਾਂਦਾ ਹੈ।

You must be logged in to post a comment Login