ਦੁਨੀਆ ਦੀ ਸਭ ਤੋਂ ਵੱਡੀ ਪੁਲਾੜ ਦੂਰਬੀਨ ਰਵਾਨਾ

ਦੁਨੀਆ ਦੀ ਸਭ ਤੋਂ ਵੱਡੀ ਪੁਲਾੜ ਦੂਰਬੀਨ ਰਵਾਨਾ

ਕੌਰੂ (ਫਰੈਂਚ ਗੁਆਨਾ), 26 ਦਸੰਬਰ- ਪਹਿਲੇ ਤਾਰਿਆਂ, ਆਕਾਸ਼ ਗੰਗਾਵਾਂ ਦੀ ਖੋਜ ਅਤੇ ਜੀਵਨ ਦੇ ਚਿੰਨ੍ਹ ਪਤਾ ਲਾਉਣ ਲਈ ਤੇ ਬ੍ਰਹਮੰਡ ਦੀ ਪੜਤਾਲ ਲਈ ਦੁਨੀਆ ਦੀ ਸਭ ਤੋਂ ਵੱਡੀ ਤੇ ਸਭ ਤੋਂ ਵੱਧ ਸਮਰੱਥਾ ਵਾਲੀ ਪੁਲਾੜ ਦੂਰਬੀਨ ਅੱਜ ਆਪਣੀ ਮੁਹਿੰਮ ਲਈ ਰਵਾਨਾ ਹੋ ਗਈ। ਅਮਰੀਕੀ ਪੁਲਾੜ ਏਜੰਸੀ ਦੀ ‘ਜੇਮਸ ਵੈੱਬ ਪੁਲਾੜ ਦੂਰਬੀਨ’ ਨੇ ਦੱਖਣੀ ਅਮਰੀਕਾ ਦੇ ਉੱਤਰ-ਪੂਰਬੀ ਤੱਟ ਸਥਿਤ ਫਰੈਂਚ ਗੁਆਨਾ ਪੁਲਾੜ ਕੇਂਦਰ ਤੋਂ ਕ੍ਰਿਸਮਸ ਦੀ ਸਵੇਰ ਯੂਰੋਪੀ ਰੌਕੇਟ ‘ਏਰੀਅਨ’ ਰਾਹੀਂ ਪੁਲਾੜ ਲਈ ਉਡਾਣ ਭਰੀ। ਇਹ ਦੂਰਬੀਨ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਤਕਰੀਬਨ 16 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਨੂੰ ਉੱਥੇ ਪਹੁੰਚਣ ’ਚ ਇੱਕ ਮਹੀਨੇ ਦਾ ਸਮਾਂ ਲੱਗੇਗਾ। ਨਾਸਾ ਦੇ ਪ੍ਰਸ਼ਾਸਕ ਬਿਲ ਨੇਲਸਨ ਨੇ ਇਸ ਹਫ਼ਤੇ ਦੀ ਸ਼ੁਰੂਆਤ ’ਚ ਕਿਹਾ ਸੀ, ‘ਇਹ (ਦੂਰਬੀਨ) ਸਾਨੂੰ ਸਾਡੇ ਬ੍ਰਹਮੰਡ ਤੇ ਉਸ ’ਚ ਸਾਡੀ ਥਾਂ ਦੀ ਬਿਹਤਰ ਸਮਝ ਦੇਣ ਜਾ ਰਹੀ ਹੈ ਕਿ ਅਸੀਂ ਕੌਣ ਹਾਂ ਤੇ ਕੀ ਹਾਂ।’ ਏਰੀਅਨਸਪੇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟੀਫਨ ਇਜ਼ਰਾਈਲ ਨੇ ਦੂਰਬੀਨ ਲਾਂਚ ਕਰਨ ਤੋਂ ਕੁਝ ਸਮਾਂ ਪਹਿਲਾਂ ਕਿਹਾ, ‘ਅਸੀਂ ਅੱਜ ਸਵੇਰੇ ਮਨੁੱਖਤਾ ਲਈ ਲਾਂਚ ਕਰ ਰਹੇ ਹਾਂ।’

You must be logged in to post a comment Login