ਦੁਬਈ ਦੇ ਧੋਖੇਬਾਜ਼ ਏਜੰਟਾਂ ਦੇ ਚੁੰਗਲ ‘ਚ ਫਸੀ ਬਟਾਲਾ ਦੀ ਮੁਟਿਆਰ ਵਤਨ ਪਰਤੀ

ਦੁਬਈ ਦੇ ਧੋਖੇਬਾਜ਼ ਏਜੰਟਾਂ ਦੇ ਚੁੰਗਲ ‘ਚ ਫਸੀ ਬਟਾਲਾ ਦੀ ਮੁਟਿਆਰ ਵਤਨ ਪਰਤੀ

ਬਟਾਲਾ : ਸੁਨਹਿਰੀ ਭਵਿੱਖ ਦੀ ਤਲਾਸ਼ ਵਿਚ ਦੁਬਈ ਦੀ ਧਰਤੀ ‘ਤੇ ਪਹੁੰਚੀ ਬਟਾਲਾ ਦੀ 23 ਸਾਲਾ ਲੜਕੀ ਨੂੰ ਕਥਿਤ ਧੋਖੇਬਾਜ਼ ਏਜੰਟਾਂ ਦੇ ਚੁੰਗਲ ਵਿਚੋਂ ਬਹਾਰ ਕੱਢਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਸਮਾਜਸੇਵੀ ਸ਼ਖਸੀਅਤ ਡਾ. ਐੱਸ. ਪੀ. ਸਿੰਘ ਓਬਰਾਏ ਅਤੇ ਇੰਡੀਅਨ ਪੰਜਾਬੀ ਕਮਿਊਨਿਟੀ ਦੁਬਈ ਦੇ ਚੇਅਰਮੈਨ ਬਲਦੀਪ ਸਿੰਘ ਦੇ ਯਤਨਾਂ ਸਦਕਾ ਸਹੀ ਸਲਾਮਤ ਦੁਬਈ ਤੋਂ ਆਪਣੇ ਵਤਨ ਭੇਜਿਆ ਗਿਆ ਹੈ, ਉਥੇ ਨਾਲ ਹੀ ਉਕਤ ਏਜੰਟ ਦੇ ਖਿਲਾਫ਼ ਸਖਤ ਕਾਰਵਾਈ ਕਰਦਿਆਂ ਦੁਬਈ ਅਤੇ ਇੰਡੀਅਨ ਕੌਂਸਲੇਟ ਵੱਲੋਂ ਏਜੰਟ ਨੂੰ ਬਲੈਕਲਿਸਟ ਵੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 15 ਦਿਨ ਪਹਿਲਾਂ ਬਟਾਲਾ ਦੇ ਉੱਘੇ ਸਮਾਜਸੇਵੀ ਆਗੂ ਅਤੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਡਾ. ਸਤਨਾਮ ਸਿੰਘ ਨਿੱਝਰ ਵੱਲੋਂ ਸਰਬੱਤ ਦਾ ਭਲਾ ਟਰੱਸਟ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਦੇ ਧਿਆਨ ਹਿੱਤ ਲਿਆਂਦਾ ਗਿਆ ਕਿ 5 ਮਹੀਨੇ ਪਹਿਲਾਂ ਦੁਬਈ ਵਿਚ ਕੰਮ ਕਰਨ ਲਈ ਬਟਾਲਾ ਦੀ ਲੜਕੀ ਹਰਪ੍ਰੀਤ ਕੌਰ (23) ਪੁੱਤਰੀ ਸਰਦੂਲ ਸਿੰਘ ਦੁਬਈ ਗਈ ਸੀ ਅਤੇ ਇਸ ਸਮੇਂ ਧੋਖੇਬਾਜ਼ ਏਜੰਟਾਂ ਦੇ ਸ਼ਿਕੰਜੇ ਵਿਚ ਫਸ ਗਈ, ਜਦਕਿ ਡਾ. ਨਿੱਝਰ ਨੂੰ ਪੀੜਤ ਲੜਕੀ ਹਰਪ੍ਰੀਤ ਕੌਰ ਨੇ ਦੁਬਈ ਤੋਂ ਟੈਲੀਫੋਨ ਰਾਹੀਂ ਰੋਂਦੇ-ਕੁਰਲਾਉਂਦੇ ਹੋਏ ਜ਼ਿੰਦਗੀ ਬਚਾਉਣ ਦੀ ਅਪੀਲ ਕੀਤੀ ਗਈ।
ਇਸ ਦੌਰਾਨ ਲੜਕੀ ਹਰਪ੍ਰੀਤ ਦੇ ਕੇਸ ਨੂੰ ਵਾਚਣ ਤੋਂ ਬਾਅਦ ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਵੱਲੋਂ ਸਾਰੇ ਕਾਗਜ਼ ਪੱਤਰ ਦੁਬਈ ਵਿਖੇ ਚੇਅਰਮੈਨ ਬਲਦੀਪ ਸਿੰਘ ਨੂੰ ਭੇਜੇ ਗਏ ਅਤੇ ਇਹ ਸਾਰਾ ਮਾਮਲਾ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਧਿਆਨ ਹਿੱਤ ਵੀ ਲਿਆਂਦਾ ਗਿਆ, ਜਦਕਿ ਸਰਬੱਤ ਦਾ ਭਲਾ ਟਰੱਸਟ ਅਤੇ ਇੰਡੀਅਨ ਪੰਜਾਬੀ ਕਮਿਊਨਿਟੀ ਵੱਲੋਂ ਸਾਂਝੇ ਤੌਰ ‘ਤੇ ਲੜਕੀ ਨੂੰ ਬਚਾਉਣ ਲਈ ਯਤਨ ਸ਼ੁਰੂ ਕੀਤੇ ਗਏ। ਇਸ ਮੌਕੇ ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਮੀਤ ਪ੍ਰਧਾਨ ਸਲਵਿੰਦਰ ਸਿੰਘ ਬਿੱਟੂ ਰੰਧਾਵਾ, ਸਮਾਜਸੇਵੀ ਆਗੂ ਡਾ. ਸਤਨਾਮ ਸਿੰਘ ਨਿੱਝਰ ਅਤੇ ਟਰੱਸਟ ਦੇ ਮੈਂਬਰ ਰੋਹਿਤ ਕੁਮਾਰ ਨੇ ਦੱਸਿਆ ਕਿ ਅੱਜ ਦੁਬਈ ਤੋਂ ਚੇਅਰਮੈਨ ਬਲਦੀਪ ਸਿੰਘ ਵੱਲੋਂ ਪੀੜਤ ਲੜਕੀ ਹਰਪ੍ਰੀਤ ਕੌਰ ਨੂੰ ਭਾਰਤ ਲਈ ਹਵਾਈ ਜਹਾਜ਼ ਰਾਹੀਂ ਰਵਾਨਾ ਕੀਤਾ ਗਿਆ, ਇਸ ਉਪਰੰਤ ਅੰਮ੍ਰਿਤਸਰ ਏਅਰਪੋਰਟ ਤੋਂ ਲੜਕੀ ਹਰਪ੍ਰੀਤ ਕੌਰ ਨੂੰ ਸਹੀ ਸਲਾਮਤ ਲਿਆਉਣ ਤੋਂ ਬਾਅਦ ਸਰਬੱਤ ਦਾ ਭਲਾ ਟਰੱਸਟ ਦੀ ਟੀਮ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ।

You must be logged in to post a comment Login