ਦੂਜਾ ਕ੍ਰਿਕਟ ਟੈਸਟ: ਸਿਰਾਜ ਦੀ ਗੇਂਦਬਾਜ਼ੀ ਅੱਗੇ ਦੱਖਣੀ ਅਫਰੀਕਾ ਉੱਡਿਆ, 55 ’ਤੇ ਆਲ ਆਊਟ

ਕੇਪਟਾਊਨ, 3 ਦਸੰਬਰ- ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ (15 ਦੌੜਾਂ ‘ਤੇ ਛੇ ਵਿਕਟਾਂ) ਦੀ ਬਦੌਲਤ ਭਾਰਤ ਨੇ ਅੱਜ ਇੱਥੇ ਦੂਜੇ ਅਤੇ ਆਖਰੀ ਟੈਸਟ ਦੇ ਪਹਿਲੇ ਦਿਨ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ‘ਚ 55 ਦੌੜਾਂ ‘ਤੇ ਆਊਟ ਕਰ ਦਿੱਤਾ। ਸਿਰਾਜ ਨੇ ਨੌਂ ਓਵਰਾਂ ਵਿੱਚ 15 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਨੇ ਅੱਠ ਓਵਰਾਂ ਵਿੱਚ 25 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਮੁਕੇਸ਼ ਕੁਮਾਰ ਨੇ 2.2 ਓਵਰਾਂ ਵਿੱਚ ਦੋ ਵਿਕਟਾਂ ਲਈਆਂ ਅਤੇ ਇੱਕ ਵੀ ਦੌੜ ਨਹੀਂ ਦਿੱਤੀ। ਦੱਖਣੀ ਅਫਰੀਕਾ ਲਈ ਸਿਰਫ ਦੋ ਬੱਲੇਬਾਜ਼ ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੇ। ਕਾਇਲ ਵੇਰੇਯਨੇ ਨੇ 15 ਅਤੇ ਡੇਵਿਡ ਬੇਡਿੰਘਮ ਨੇ 12 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਅੱਜ ਭਾਰਤ ਖ਼ਿਲਾਫ਼ ਦੂਜੇ ਅਤੇ ਆਖਰੀ ਟੈਸਟ ਮੈਚ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਵਿੱਚ ਰਵੀਚੰਦਰਨ ਅਸ਼ਵਿਨ ਦੀ ਥਾਂ ਰਵਿੰਦਰ ਜਡੇਜਾ ਅਤੇ ਸ਼ਾਰਦੁਲ ਠਾਕੁਰ ਦੀ ਥਾਂ ਮੁਕੇਸ਼ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ। ਆਪਣਾ ਆਖਰੀ ਟੈਸਟ ਖੇਡ ਰਹੇ ਡੀਨ ਐਲਗਰ ਨਿਯਮਤ ਕਪਤਾਨ ਤੇਂਬਾ ਬਾਵੁਮਾ ਦੀ ਗੈਰ-ਮੌਜੂਦਗੀ ਵਿੱਚ ਦੱਖਣੀ ਅਫਰੀਕਾ ਦੀ ਕਪਤਾਨੀ ਕਰ ਰਹੇ ਹਨ। ਦੱਖਣੀ ਅਫਰੀਕਾ ਨੇ ਵਿਕਟਕੀਪਰ ਬੱਲੇਬਾਜ਼ ਟ੍ਰਿਸਟਨ ਸਟੱਬਸ ਨੂੰ ਟੀਮ ’ਚ ਮੌਕਾ ਦਿੱਤਾ ਹੈ ਜਦਕਿ ਬਾਵੁਮਾ, ਕੀਗਨ ਪੀਟਰਸਨ ਅਤੇ ਗੇਰਾਲਡ ਕੋਏਟਜ਼ੀ ਬਾਹਰ ਹਨ।

You must be logged in to post a comment Login