ਚੰਡੀਗੜ੍ਹ : ਕੇਂਦਰ ਸਰਕਾਰ ਨੇ ਸੋਮਵਾਰ ਨੂੰ ਧਾਰਾ-370 ਹਟਾ ਦਿੱਤੀ ਹੈ। ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਵੱਖ-ਵੱਖ ਕੇਂਦਰ ਸ਼ਾਸ਼ਿਤ ਪ੍ਰਦੇਸ਼ ਹੋਣਗੇ। ਕੇਂਦਰ ਸਰਕਾਰ ਵਲੋਂ ਲਏ ਗਏ ਫ਼ੈਸਲੇ ਤੋਂ ਬਾਅਦ ਜਿੱਥੇ ਦੇਸ਼ ਭਰ ‘ਚ ਜ਼ਸ਼ਨ ਦਾ ਮਾਹੌਲ ਹੈ, ਉੱਥੇ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਦੋ ਵਿਦਿਆਰਥੀ ਜਥੇਬੰਦੀਆਂ ਇਸ ਮਾਮਲੇ ਉਤੇ ਭਿੜ ਗਈਆਂ। ਇਸ ਪਿੱਛੋਂ ਭਾਰੀ ਗਿਣਤੀ ਵਿਚ ਪੁਲਿਸ ਫ਼ੋਰਸ ਤਾਇਨਾਤ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਸਟੂਡੈਂਟ ਫ਼ਾਰ ਸੁਸਾਇਟੀ (ਐਸ.ਐਫ.ਐਸ.) ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਇਸ ਮਸਲੇ ਉਤੇ ਆਹਮੋ-ਸਾਹਮਣੇ ਹੋ ਗਈਆਂ। ਏ.ਬੀ.ਵੀ.ਪੀ. ਨੇ ਜਿਥੇ ਸਰਕਾਰ ਦੇ ਫ਼ੈਸਲੇ ਦੇ ਹੱਕ ਵਿਚ ਨਾਅਰੇ ਲਗਾਏ, ਉਥੇ ਐਸ.ਐਫ.ਐਸ. ਨੇ ਇਸ ਦਾ ਵਿਰੋਧ ਕੀਤਾ। ਦੋਵੇਂ ਧਿਰਾਂ ਇਕ ਦੂਜੇ ਦੇ ਸਾਹਮਣੇ ਆ ਗਈਆਂ। ਹਾਲਾਂਕਿ ਮੌਕੇ ‘ਤੇ ਪੁੱਜੀ ਪੁਲਿਸ ਨੇ ਹਾਲਾਤ ਉਤੇ ਕਾਬੂ ਪਾਇਆ। ਐਸ.ਐਫ.ਐਸ. ਦੀ ਆਗੂ ਕਨੂੰਪ੍ਰਿਯਾ ਅਤੇ ਏ.ਬੀ.ਵੀ.ਪੀ. ਦੇ ਕੁਲਦੀਪ ਪੰਘਾਲ ਵਿਚਕਾਰ ਬਹਿਸ ਵੀ ਹੋਈ। ਐਸ.ਐਫ.ਐਸ. ਨਾਲ ਜੁੜੇ ਵਿਦਿਆਰਥੀ ਸਟੂਡੈਂਟ ਸੈਂਟਰ ‘ਤੇ ਡਟੇ ਹੋਏ ਹਨ ਅਤੇ ਭਾਜਪਾ ਤੇ ਆਰ.ਐਸ.ਐਸ. ਵਿਰੁਧ ਨਾਹਰੇਬਾਜ਼ੀ ਕਰ ਰਹੇ ਹਨ।

You must be logged in to post a comment Login