ਧੁੰਦ ਬਹੁਤ ਹੈ, ਅਜੇ ਸਰਕਾਰ ਵਿਖਾਈ ਨਹੀਂ ਦੇ ਰਹੀ

ਪ੍ਰੋ. ਕੁਲਬੀਰ ਸਿੰਘ
Mob. : 9417153513

ਵੋਟਾਂ ਪੈ ਗਈਆਂ ਹਨ। ਇਕ ਅਖ਼ਬਾਰ ਨੇ ਪੰਜਾਬ ਦੀਆ 117 ਸੀਟਾਂ ਦਾ ਵਿਸ਼ਲੇਸ਼ਣ ਪ੍ਰਕਾਸ਼ਿਤ ਕੀਤਾ। ਨਾਲ ਇਕ ਕਾਰਟੂਨ ਛਾਪਿਆ। ਜਿਸ ਵਿਚ ਚਾਰੇ ਪਾਸੇ ਧੁੰਦ ਹੀ ਧੁੰਦ ਹੈ। ਇਕ ਵਿਅਕਤੀ ਦੂਰਬੀਨ ਅੱਖਾਂ ਅੱਗੇ ਲਾ ਕੇ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰੰਤੂ ਕੁਝ ਵਿਖਾਈ ਨਹੀਂ ਦਿੰਦਾ। ਕੋਲ ਖੜੀ ਪਤਨੀ ਨੂੰ ਕਹਿੰਦਾ ਹੈ ਧੁੰਦ ਬਹੁਤ ਸੰਘਣੀ ਹੈ, ਅਜੇ ਸਰਕਾਰ ਵਿਖਾਈ ਨਹੀਂ ਦੇ ਰਹੀ। ਪੰਜਾਬ ਵਿਚ ਇਨਬਿਨ ਇਹੀ ਸਥਿਤੀ ਹੈ। ਕੁਝ ਪਤਾ ਨਹੀਂ ਲੱਗ ਰਿਹਾ ਕਿਸਦੀ ਸਰਕਾਰ ਬਣੇਗੀ। ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਜਾਵੇਗੀ। ਵੱਖ-ਵੱਖ ਚੈਨਲ ਤੇ ਏਜੰਸੀਆਂ ਰੋਜ਼ਾਨਾ ਚੋਣ ਸਰਵੇਖਣ ਪ੍ਰਸਾਰਿਤ ਕਰ ਰਹੇ ਹਨ। ਉਨ੍ਹਾਂ ਚੋਣ ਸਰਵੇਖਣਾਂ ਵਿਚੋਂ ਨਾ ਸਿਆਸੀ ਪਾਰਟੀਆਂ ਦੇ ਪੱਲੇ ਕੁਝ ਪੈਂਦਾ ਹੈ ਅਤੇ ਨਾ ਲੋਕਾਂ ਦੀ ਤਸੱਲੀ ਹੋ ਰਹੀ ਹੈ। ਸਾਰੇ ਚੋਣ ਸਰਵੇਖਣ ਖਿਚੜੀ ਬਣਾ ਰਹੇ ਹਨ। ਖਿਚੜੀ ਖਾਣਾ ਕੋਈ ਵੀ ਪਸੰਦ ਨਹੀਂ ਕਰਦਾ ਕਿਉਂਕਿ ਖਿਚੜੀ ਬਿਮਾਰਾਂ ਦਾ ਖਾਣਾ ਮੰਨਿਆਂ ਜਾਂਦਾ ਹੈ। ਪਰੰਤੂ ਸਿਹਤ ਵਿਗਿਆਨੀਆਂ, ਮਾਹਿਰਾਂ ਅਤੇ ਡਾਕਟਰਾਂ ਦਾ ਮੰਨਣਾ ਹੈ ਕਿ ਖਿਚੜੀ ਸਿਹਤ ਲਈ ਫ਼ਾਇਦੇਮੰਦ ਹੈ। ਜੇ ਮਨੁੱਖੀ ਸਿਹਤ ਲਈ ਲਾਹੇਵੰਦ ਹੈ ਤਾਂ ਸੂਬੇ ਦੀ ਸਿਹਤ ਲਈ ਵੀ ਲਾਹੇਵੰਦ ਹੀ ਹੋਵੇਗੀ। ਬੜਾ ਸਮਾਂ ਪਹਿਲਾਂ ਇਕ ਹਿੰਦੀ ਫ਼ਿਲਮ ਦਾ ਗੀਤ ਬੜਾ ਚਰਚਿਤ ਹੋਹਿਆ ਸੀ ˈਸੰਸਾਰ ਕੀ ਹਰ ਸ਼ੈਅ ਕਾ ਇਹਨਾਂ ਹੀ ਫ਼ਸਾਨਾ ਹੈ, ਇਕ ਧੁੰਦ ਸੇ ਆਨਾ ਹੈ ਇਕ ਧੁੰਦ ਮੇਂ ਜਾਨਾ ਹੈˈ। ਸਰਕਾਰਾਂ ਦਾ, ਸਿਆਸੀ ਪਾਰਟੀਆਂ ਦਾ ਵੀ ਇਹੀ ਹਾਲ ਹੈ। ਬਹੁਤਾ ਅੰਤਰ ਨਹੀਂ। ਜਦ ਸਰੋਤ ਨਹੀਂ ਹਨ, ਸਮਝ ਨਹੀਂ ਹੈ, ਮੁਹਾਰਤ ਨਹੀਂ ਹੈ, ਦੂਰ-ਦ੍ਰਿਸ਼ਟੀ ਨਹੀਂ ਹੈ ਤਾਂ ਕੋਈ ਫ਼ਰਕ ਨਹੀਂ ਪੈਂਦਾ। ਇਹ ਪਾਰਟੀ ਹੈ ਜਾਂ ਉਹ ਪਾਰਟੀ ਹੈ।

ਕਿਸੇ ਵੀ ਪਾਰਟੀ ਕੋਲ ਉਸ ਪੱਧਰ ਦੇ ਨੇਤਾ ਨਹੀਂ ਹਨ ਜਿਹੜੀ ਪੰਜਾਬ ਨੂੰ ਦਲਦਲ ਵਿਚੋਂ ਕੱਢ ਕੇ ਹਾਈਵੇ ʼਤੇ ਪਾ ਸਕਣ। ਮੰਨਣਾ ਪਏਗਾ ਕਿ ਕੋਈ ਵੀ ਨੇਤਾ ਸੋਲਾਂ ਕਲਾਂ ਸੰਪੂਰਨ ਨਹੀਂ ਹੁੰਦਾ। ਨੇਤਾਵਾਂ ਨੂੰ, ਮੰਤਰੀਆਂ ਨੂੰ ਮਾਹਿਰਾਂ ਦੀ ਲੋੜ ਹੁੰਦੀ ਹੈ। ਹਰੇਕ ਮੰਤਰੀ ਨਾਲ ਸੰਬੰਧਤ ਮਹਿਕਮੇ ਦਾ ਮਾਹਿਰ ਜੋੜਨ ਦੀ ਲੋੜ ਹੁੰਦੀ ਹੈ। ਪਰੰਤੂ ਪੜ੍ਹੇ, ਲਿਖੇ ਮਾਹਿਰਾਂ ਨੂੰ ਸਿਆਸੀ ਲੋਕ ਅਤੇ ਸਰਕਾਰਾਂ ਨੇੜੇ ਨਹੀਂ ਢੁੱਕਣ ਦਿੰਦੀਆਂ। ਵੱਖ-ਵੱਖ ਪੱਖਾਂ ਤੋਂ ਪੰਜਾਬ ਦੀ ਜੋ ਹਾਲਤ ਹੈ ਇਸਨੂੰ ਮਾਹਿਰ ਹੀ ਲੀਹ ʼਤੇ ਲਿਆ ਸਕਦੇ ਹਨ। ਸੱਭ ਕੁਝ ਮੁਫ਼ਤ ਵੰਡ ਕੇ ਪੰਜਾਬ ਲੀਹ ʼਤੇ ਨਹੀਂ ਆ ਸਕਦਾ।

ਵੋਟਾਂ ਪੈਣ ਤੋਂ ਬਾਅਦ ਸ਼ਾਇਦ ਨਿਊਜ਼ ਚੈਨਲ ਵਿਹਲ ਮਹਿਸੂਸ ਕਰਨਗੇ, ਪਰ ਨਹੀਂ ਵੋਟਾਂ ਪੈਣ ਉਪਰੰਤ ਤਾਂ ਉਹ ਐਗਜ਼ਿਟ ਪੋਲ ਵਿਚ ਰੁੱਝ ਜਾਣਗੇ। ਐਗਜ਼ਿਟ ਪੋਲ ʼਤੇ ਚੋਣਾਂ ਤੋਂ ਵੀ ਵੱਧ ਜ਼ੋਰ ਲੱਗੇਗਾ। ਸਿਆਸੀ ਆਗੂ ਅਤੇ ਸਿਆਸਤ ਵਿਚ ਦਿਲਚਸਪੀ ਰੱਖਣ ਵਾਲੇ ਲੋਕ ਟੈਲੀਵਿਜ਼ਨ ਦੁਆਲੇ ਜੁੜ ਜਾਣਗੇ। ਉਤਸੁਕਤਾ ਹੱਦਾਂ ਬੰਨੇ ਟੱਪ ਜਾਏਗੀ।

21 ਫ਼ਰਵਰੀ ਤੋਂ 10 ਮਾਰਚ ਦੇ 18 ਦਿਨ ਬੜੇ ਔਖੇ ਹੋਣਗੇ। ਟੈਲੀਵਿਜ਼ਨ ਚੈਨਲਾਂ ਲਈ ਵੀ, ਸਿਆਸਤਦਾਨਾਂ ਲਈ ਵੀ ਅਤੇ ਸਿਆਸਤ-ਪ੍ਰੇਮੀਆਂ ਲਈ ਵੀ। ਇਕ ਵਾਰ ਵੋਟਾਂ ਪੈਣ ਅਤੇ ਨਤੀਜੇ ਆਉਣ ਦਰਮਿਆਨ ਡੇਢ ਮਹੀਨੇ ਦੀ ਦੂਰੀ ਸੀ। ਉਡੀਕ ਕਰਨੀ ਡਾਹਢੀ ਮੁਸ਼ਕਲ ਸੀ। ਪੰਜਾਬ ਦੇ ਬਹੁਤ ਲੀਡਰ ਦੂਰ ਵਿਦੇਸ਼ਾਂ ਵਿਚ ਘੁੰਮਣ ਫ਼ਿਰਨ ਨਿਕਲ ਗਏ ਸਨ। ਇਕ ਪੰਥ ਦੋ ਕਾਜ। ਦਿਨ ਵੀ ਨਿਕਲ ਗਏ, ਚੋਣਾਂ ਦੀ ਥਕਾਵਟ ਵੀ ਲੱਥ ਗਈ। ਇਸ ਵਾਰ ਵੇਖੋ ਕੀ ਕਰਦੇ ਹਨ।

ਚੋਣਾਂ ਵਿਚ ਇਨਸਾਨੀਅਤ ਕਦੇ ਮੁੱਦਾ ਨਹੀਂ ਬਣਦੀ। ਜੇ ਇਨਸਾਨੀਅਤ ਮੁੱਦਾ ਬਣੇ ਤਾਂ ਸਾਰੇ ਮਸਲੇ ਹੱਲ ਹੋ ਜਾਣ। ਪੰਜਾਬ ਵਿਚ 25 ਫ਼ੀਸਦੀ ਅਰਥਾਤ 315 ਉਮੀਦਵਾਰਾਂ ʼਤੇ ਆਰਥਿਕ ਮਾਮਲੇ ਦਰਜ਼ ਹਨ। ਇਨ੍ਹਾਂ 315 ਵਿਚੋਂ 218 ʼਤੇ ਗੰਭੀਰ ਦੋਸ਼ ਹਨ। ਕੁੱਲ ਉਮੀਦਵਾਰਾਂ ਵਿਚੋਂ 521 ਕਰੋੜਪਤੀ ਹਨ। ਕਰੋੜਪਤੀ ਹੋਣਾ ਮਾੜੀ ਗੱਲ ਨਹੀਂ ਪਰੰਤੂ ਇਕ ਗੱਲ ਸਪਸ਼ਟ ਹੈ ਕਿ ਟਿਕਟਾਂ ਅਮੀਰਾਂ ਨੂੰ ਹੀ ਮਿਲਦੀਆਂ ਹਨ। ਬਾਕੀ ਯੋਗਤਾਵਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਬਹੁਤੇ ਉਮੀਦਵਾਰਾਂ ਨੇ ਕਾਲਜ ਦਾ ਮੂੰਹ ਨਹੀਂ ਵੇਖਿਆ। ਯੂਨੀਵਰਸਿਟੀਆਂ ਤੋਂ ਪੜ੍ਹ ਕੇ ਆਉਣ ਵਾਲਾ ਵਿਰਲਾ ਟਾਵਾਂ ਹੀ ਹੈ।

ਸਰਕਾਰ ਪੱਖੀ ਚੈਨਲ ਯੂ.ਪੀ. ਵਿਚ ਸਖ਼ਤ ਮੁਕਾਬਲਾ ਨਹੀਂ ਮੰਨ ਰਹੇ। ਜੋਗੀ ਦੀ ਵਾਪਸੀ ਦੱਸ ਰਹੇ ਹਨ। ਬੰਗਾਲ ਵਿਚ 2021 ਵਿਚ ਸਖ਼ਤ ਮੁਕਾਬਲਾ ਦੱਸ ਰਹੇ ਸਨ। ਤ੍ਰਿਣਮੂਲ ਕਾਂਗਰਸ ਨੇ ਸਫ਼ਾਇਆ ਕਰ ਦਿੱਤਾ ਸੀ। ਚੋਣ ਸਰਵੇਖਣ ਅਤੇ ਚੈਨਲ ਏਨੇ ਉਲਾਰ, ਏਨੇ ਪੱਖਪਾਤੀ ਹੋ ਸਕਦੇ ਹਨ ਹੈਰਾਨੀ ਹੁੰਦੀ ਹੈ।

ਯੂ.ਪੀ. ਵਿਚ ਜਾਤ-ਪਾਤ ਦਾ ਪੱਤਾ ਖ਼ੂਬ ਖੇਡਿਆ ਗਿਆ। ਪੰਜਾਬ ਵਿਚ ਵੀ ਘੱਟ ਨਹੀਂ ਕੀਤੀ। ਮੁੱਦਿਆਂ ਦੀ ਗੱਲ ਘੱਟ ਹੋਈ ਹੈ, ਨਿੱਜੀ ਦੂਸ਼ਣਬਾਜ਼ੀ ਦਾ ਬੋਲਬਾਲਾ ਰਿਹਾ ਹੈ।

ਬਹੁਤ ਅਨੁਮਾਨ ਮਾਲਵਾ, ਮਾਝਾ, ਦੁਆਬਾ ਦੇ ਆਧਾਰ ʼਤੇ ਲਗਾਏ ਜਾ ਰਹੇ ਹਨ। ਪਾਰਟੀਆਂ ਵੀ ਮਹੱਤਵਪੁਰਨ ਹਨ ਪਰ ਚਿਹਰੇ ਵਧੇਰੇ ਮਹੱਤਵ ਗ੍ਰਹਿਣ ਕਰ ਗਏ ਹਨ। ਕਿਸੇ ਇਕ ਖੇਤਰ ਵਿਚ ਹਨੇਰੀ ਚੱਲਣ ਨਾਲ ਕਿਸੇ ਪਾਰਟੀ ਦੀ ਸਰਕਾਰ ਨਹੀਂ ਬਣਨੀ ਅਤੇ ਸਾਰੇ ਖੇਤਰਾਂ ਵਿਚ ਕਿਸੇ ਦੀ ਵੀ ਹਨੇਰੀ ਨਹੀਂ ਚੱਲ ਰਹੀ। ਗੱਲ ਅਖ਼ੀਰ ਫੇਰ ਧੁੰਦ ʼਤੇ ਹੀ ਆ ਗਈ ਨਾ? ਧੁੰਦ ਤਿਕੋਨੇ, ਬਹੁ-ਕੋਨੇ ਮੁਕਾਬਲਿਆਂ ਕਾਰਨ ਹੈ। ਵੋਟਰ ਜਾਤ-ਪਾਤ, ਧਰਮ ਦੇ ਨਾਂ ʼਤੇ ਵੰਡੇ ਹੋਏ ਹਨ। ਬੇਰੁਜ਼ਗਾਰੀ, ਨਸ਼ਾ, ਗ਼ਰੀਬੀ, ਮਹਿੰਗਾਈ, ਰੇਤ ਮਾਫ਼ੀਆ ਦੀਆਂ ਵੀ ਗੱਲਾਂ ਹੁੰਦੀਆ ਰਹੀਆਂ।

ਇਸ ਸੱਭ ਦੌਰਾਨ ਲੋਕਾਂ ਦੀਆਂ ਨਜ਼ਰਾਂ ਨਵਜੋਤ ਸਿੰਘ ਸਿੱਧੂ, ਬਿਕਰਮ ਸਿੰਘ ਮਜੀਠੀਆ, ਚਰਨਜੀਤ ਸਿੰਘ ਚੰਨੀ, ਭਗਵੰਤ ਮਾਨ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਬਲਬੀਰ ਸਿੰਘ ਰਾਜੇਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਹਾਰ ʼਤੇ ਲੱਗੀਆਂ ਹੋਈਆਂ ਹਨ।

 

 

 

 

 

 

 

 

 

 

 

You must be logged in to post a comment Login