ਕੋਚੀ – ਨਨ ਨਾਲ ਰੇਪ ਦੇ ਦੋਸ਼ ‘ਚ ਗ੍ਰਿਫਤਾਰ ਰੋਮਨ ਕੈਥੋਲਿਕ ਬਿਸ਼ਪ ਫਰੈਂਕੋ ਮੁਲਕੱਲ ਨੂੰ ਮੰਗਲਵਾਰ ਨੂੰ ਇੱਥੋਂ ਦੀ ਇਕ ਉੱਪ-ਜੇਲ ਤੋਂ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਕੇਰਲ ਹਾਈ ਕੋਰਟ ਨੇ ਕੱਲ ਭਾਵ ਸੋਮਵਾਰ ਨੂੰ ਬਿਸ਼ਪ ਫਰੈਂਕੋ ਦੀ ਜ਼ਮਾਨਤ ਨੂੰ ਮਨਜ਼ੂਰ ਕੀਤਾ ਸੀ। ਕੇਰਲ ਦੇ ਪਾਲਾ ਦੀ ਉੱਪ-ਜੇਲ ਦੇ ਬਾਹਰ ਵੱਡੀ ਗਿਣਤੀ ਵਿਚ ਬਿਸ਼ਪ ਫਰੈਂਕੋ ਦੇ ਸਮਰਥਕਾਂ ਅਤੇ ਆਜ਼ਾਦ ਵਿਧਾਇਕ ਪੀਸੀ ਜਾਰਜ ਨੇ ਉਸ ਦਾ ਸਵਾਗਤ ਕੀਤਾ। ਕੇਰਲ ਪੁਲਸ ਦੀ ਜਾਂਚ ਤੋਂ ਬਾਅਦ 25 ਦਿਨ ਪਹਿਲਾਂ ਬਿਸ਼ਪ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਲੰਧਰ ਡਾਇਓਸੀਜ਼ ਦੇ ਬਿਸ਼ਪ ਦੇ ਜੇਲ ਤੋਂ ਬਾਹਰ ਆਉਣ ਦੀ ਆਸ ਵਿਚ ਉਸ ਦੇ ਕੁਝ ਸਮਰਥਕ ਸਵੇਰੇ ਜੇਲ ਕੰਪਲੈਕਸ ਦੇ ਸਾਹਮਣੇ ਪ੍ਰਾਰਥਨਾ ਕਰਦੇ ਨਜ਼ਰ ਆਏ। ਚਰਚ ਦੇ ਸੂਤਰਾਂ ਨੇ ਦੱਸਿਆ ਕਿ ਬਿਸ਼ਪ ਪਹਿਲਾਂ ਕੇਰਲ ਦੇ ਸ਼ਹਿਰ ਤਿਸੂਰ ਸਥਿਤ ਆਪਣੇ ਘਰ ਜਾਵੇਗਾ, ਫਿਰ ਸ਼ਾਮ ਨੂੰ ਜਲੰਧਰ ਲਈ ਰਵਾਨਾ ਹੋ ਜਾਵੇਗਾ। ਅਦਾਲਤ ਨੇ ਸ਼ਰਤ ਸਮੇਤ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕੀਤੀ ਸੀ। ਅਦਾਲਤ ਨੇ ਬਿਸ਼ਪ ਨੂੰ ਹੁਕਮ ਦਿੱਤੇ ਸਨ ਕਿ ਜੇਲ ਤੋਂ ਰਿਹਾਅ ਹੋਣ ਦੇ 24 ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਸੂਬਾ ਛੱਡਣਾ ਹੋਵੇਗਾ। ਇਸ ਦੇ ਨਾਲ ਹੀ ਜੱਜ ਰਾਜਾ ਵਿਜੇਰਾਘਵਨ ਨੇ ਫਰੈਂਕੋ ਨੂੰ ਪਾਸਪੋਰਟ ਅਧਿਕਾਰੀਆਂ ਕੋਲ ਜਮਾਂ ਕਰਵਾਉਣ ਅਤੇ ਦੋ ਹਫਤਿਆਂ ਵਿਚ ਇਕ ਵਾਰ ਸ਼ਨੀਵਾਰ ਨੂੰ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਤੋਂ ਇਲਾਵਾ ਕਦੇ ਵੀ ਕੇਰਲ ਦਾਖਲ ਹੋਣ ਦੇ ਹੁਕਮ ਦਿੱਤੇ ਸਨ।

You must be logged in to post a comment Login