ਚੰਡੀਗੜ੍ਹ, 23 ਜਨਵਰੀ- ਪੰਜਾਬ ਪੁਲੀਸ ਨੇ ਕਥਿਤ ‘ਨਫ਼ਰਤ ਵਾਲੇ ਭਾਸ਼ਨ’ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਸਾਬਕਾ ਡੀਜੀਪੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ‘ਤੇ ਕੁਝ ਦਿਨ ਪਹਿਲਾਂ ਮਾਲੇਰ ਕੋਟਲਾ ‘ਚ ਨਫਰਤ ਭਰਿਆ ਭਾਸ਼ਨ ਦੇਣ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ’ਤੇ ਭਾਈਚਾਰਿਆਂ ਵਿਚ ਨਫਰਤ ਪੈਦਾ ਕਰਨ ਦਾ ਕੇਸ ਹੈ ਅਤੇ ਪੁਲੀਸ ਨੇ ਉਨ੍ਹਾਂ ‘ਤੇ ਧਾਰਾ 153-ਏ ਲਗਾ ਦਿੱਤੀ ਹੈ।
ਕੇਸ ਥਾਣਾ ਸਿਟੀ ਮਾਲੇਰਕੋਟਲਾ ਦੇ ਇੰਸਪੈਕਟਰ ਕਰਮਵੀਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਦਰਜ ਕੇਸ ਦਾ ਜ਼ਿਕਰ ਨਹੀਂ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੇ ਵੀਡੀਓ ਦਾ ਨੋਟਿਸ ਲਿਆ ਹੈ ਅਤੇ ਪੁਲੀਸ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਐੱਫਆਈਆਰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁਸਤਫਾ ਨੇ ਇਸ ਨੂੰ ਪੂਰੀ ਤਰ੍ਹਾਂ ਗ਼ਲਤ ਕਰਾਰ ਦਿੱਤਾ। ਉਨ੍ਹਾਂ ਕਿਹਾ,‘ਮੈਂ ਹਿੰਦੂਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਿਵੇਂ ਕਿ ਸੋਸ਼ਲ ਮੀਡੀਆ ‘ਤੇ ਦੋਸ਼ ਲਗਾਇਆ ਜਾ ਰਿਹਾ ਹੈ। ਮੈਂ ‘ਫਿਟਨੇ’ ਸ਼ਬਦ ਦੀ ਵਰਤੋਂ ਕੀਤੀ ਸੀ, ਜਿਸਦਾ ਅਰਥ ਹੈ ਕਾਨੂੰਨ ਤੋੜਨ ਵਾਲੇ। ਮੈਂ ਮੁਸਲਮਾਨਾਂ ਦੇ ਇੱਕ ਸਮੂਹ ਤੋਂ ਗੁੱਸੇ ਸੀ, ਜਿਸ ਨੇ ਮੇਰੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਉਨ੍ਹਾਂ ਨੂੰ ਚੇਤਾਵਨੀ ਦੇ ਰਿਹਾ ਸੀ, ਹਿੰਦੂਆਂ ਨੂੰ ਨਹੀਂ।’
You must be logged in to post a comment Login