ਨਰਿੰਦਰ ਮੋਦੀ ਨੇ ਕੈਨੇਡਾ ਫੇਰੀ ਦੌਰਾਨ ਕਾਮਾਗਾਟਾ ਮਾਰੂ ਮਿਊਜ਼ੀਅਮ ਜਾਣ ਦੀ ਯੋਜਨਾ ਉਲੀਕੀ

ਨਵੀਂ ਦਿੱਲੀ, 8 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਅਗਲੇ ਹਫਤੇ ਕੈਨੇਡਾ ਫੇਰੀ ਉੱਤੇ ਜਾ ਰਹੇ ਹਨ, ਵੈਨਕੂਵਰ ਵਿਚ ਕਾਮਾਗਾਟਾ ਮਾਰੂ ਮਿਊਜ਼ੀਅਮ ਵੀ ਜਾਣਗੇ। ਰਾਜਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਬੰਗਲੁਰੂ ਵਿਚ ਭਾਜਪਾ ਦੀ ਕਾਰਜਕਾਰਨੀ ਮੰਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਮਾਗਾਟਾ ਮਾਰੂ ਮਿਊਜ਼ੀਅਮ ਜਾਣ ਲਈ ਅਪੀਲ ਕੀਤੀ ਸੀ। ਉਨਾਂ ਦੱਸਿਆ ਕਿ ਉਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਮਾਗਾਟਾ ਮਾਰੂ ਮਿਊਜ਼ੀਅਮ ਜਾਣ ਦੀ ਯੋਜਨਾ ਬਣਾ ਲਈ ਹੈ ਅਤੇ ਭਾਰਤੀ ਅਧਿਕਾਰੀਆਂ ਨੇ ਇਸ ਨੂੰ ਪ੍ਰੋਗਰਾਮਾਂ ਦੀ ਸੂਚੀ ਵਿਚ ਪਾ ਲਿਆ ਹੈ। ਸਾਬਕਾ ਭਾਜਪਾ ਐਮ ਪੀ ਤਿਰਲੋਚਨ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਮਾਗਾਟਾਮਾਰੂ ਦੀ ਫੇਰੀ ਨਾਲ ਪ੍ਰਵਾਸੀ ਭਾਰਤੀਆਂ ਵਿਚ ਇਕ ਚੰਗਾ ਸੰਦੇਸ਼ ਜਾਵੇਗਾ। ਉਨਾਂ ਕਿਹਾ ਕਿ ਲੰਬੇ ਸਮੇਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਕੈਨੇਡਾ ਦੀ ਰਸਮੀ ਫੇਰੀ ਉੱਤੇ ਜਾ ਰਿਹਾ ਹੈ, ਜਿੱਥੇ ਪ੍ਰਵਾਸੀ ਪੰਜਾਬੀਆਂ ਸਮੇਤ ਭਾਰਤੀਆਂ ਨੇ ਹਰ ਖੇਤਰ ਵਿਚ ਸਫਲਤਾ ਦੇ ਝੰਡੇ ਗੱਡੇ ਹਨ। ਤਿਰਲੋਚਨ ਸਿੰਘ ਜੋ ਕਿ ਕਾਮਾਗਾਟਾਮਾਰੂ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਲਈ ਬਣਾਈ ਗਈ ਕੌਮੀ ਕਮੇਟੀ ਦੇ ਮੈਂਬਰ ਹਨ, ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਦਿਸ਼ਾ ਵਿਚ ਕੰਮ ਕਰਨ ਲਈ 23 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਉਨਾਂ ਕਿਹਾ ਕਿ ਕੋਲਕਾਤਾ ਦੇ ਬੱਜਬਜ ਘਾਟ ਵਿਖੇ ਇਕ ਵੱਡੀ ਯਾਦਗਾਰ ਦੀ ਉਸਾਰੀ ਕੀਤੀ ਜਾਵੇਗੀ। ਮਿਤੀ 23 ਮਈ ਤੋਂ 23 ਜੁਲਾਈ 1914 ਤੱਕ ਆਜ਼ਾਦੀ ਦੀ ਮੰਗ ਕਰਨ ਵਾਲੇ ਭਾਰਤੀਆਂ ਦੇ ਜਹਾਜ਼ ਨੂੰ ਕੈਨੇਡਾ ਦੀ ਸਰਕਾਰ ਵੱਲੋਂ ਵੈਨਕੂਵਰ ਦੇ ਘਾਟ ‘ਤੇ ਰੋਕੇ ਰੱਖਣ ਅਤੇ ਆਖਰ ਜਹਾਜ਼ ਨੂੰ ਵਾਪਸ ਭਾਰਤ ਜਾਣ ਲਈ ਮਜਬੂਰ ਕੀਤਾ ਗਿਆ ਸੀ। ਭਾਰਤੀਆਂ ਨਾਲ ਭਰਿਆ ਇਹ ਜਹਾਜ਼ ਜਦੋਂ ਕਲਕੱਤਾ ਦੇ ਬੱਜਬਜ ਘਾਟ ਉਤੇ 29 ਸਤੰਬਰ 1914 ਨੂੰ ਵਾਪਸ ਪਹੁੰਚਿਆ ਸੀ ਤਾਂ ਜ਼ਾਲਮ ਅੰਗਰੇਜ਼ੀ ਸਰਕਾਰ ਨੇ 19 ਆਜ਼ਾਦੀ ਘੁਲਾਟੀਆਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਅਤੇ ਅਨੇਕਾਂ ਨੂੰ ਜੇਲ ਦੀ ਕਾਲ ਕੋਠੜੀ ਵਿੱਚ ਡੱਕ ਦਿੱਤਾ ਸੀ।ਇੱਥੇ ਵਰਣਨਯੋਗ ਹੈ ਕਿ ਪੰਜਾਬ ਵਿਧਾਨ ਸਭਾ ਨੇ ਪਿਛਲੇ ਦਿਨੀਂ ਕਾਮਾਗਾਟ ਮਾਰੂ ਜਹਾਜ਼ ਦੇ ਮੁਸਾਫਰਾਂ ਨਾਲ ਕੀਤੇ ਅਣਮਨੁੱਖੀ ਵਤੀਰੇ ਲਈ ਕੈਨੇਡੀਅਨ ਪਾਰਲੀਮੈਂਟ ਨੂੰ ਮੁਆਫੀ ਮੰਗਣ ਲਈ ਕਿਹਾ ਸੀ। ਵਿਧਾਨ ਸਭਾ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤੇ ਇਸ ਮਤੇ ਰਾਹੀਂ ਮੰਗ ਕੀਤੀ ਗਈ ਸੀ ਕਿ ਭਾਰਤ ਸਰਕਾਰ ਕੈਨੇਡਾ ਸਰਕਾਰ ਤੋਂ ਮੰਗ ਕਰੇ ਕਿ ਜਿਵੇਂ ਕੈਨੇਡੀਅਨ ਪਾਰਲੀਮੈਂਟ ਨੇ ਚੀਨੀ ਅਤੇ ਜਪਾਨੀ ਲੋਕਾਂ ਨਾਲ ਕੀਤੇ ਅਣਮਨੁੱਖੀ ਵਤੀਰੇ ਲਈ ਮੁਆਫੀ ਮੰਗੀ ਹੈ, ਉਸੇ ਤਰਾਂ ਭਾਰਤੀਆਂ ਨਾਲ ਕੀਤੇ ਮਾੜੇ ਵਿਵਹਾਰ ਸਬੰਧੀ ਵੀ ਕੈਨੇਡੀਅਨ ਪਾਰਲੀਮੈਂਟ ਮੁਆਫੀ ਮੰਗੇ।

You must be logged in to post a comment Login