ਨਵਜੋਤ ਸਿੱਧੂ ਖ਼ਿਲਾਫ਼ ਬਾਗੀ ਸੁਰਾਂ ਉੱਠਣ ਦੇ ਆਸਾਰ

ਨਵਜੋਤ ਸਿੱਧੂ ਖ਼ਿਲਾਫ਼ ਬਾਗੀ ਸੁਰਾਂ ਉੱਠਣ ਦੇ ਆਸਾਰ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਖ਼ਿਲਾਫ਼ ਵੀ ਹੁਣ ਪਾਰਟੀ ’ਚ ਬਗਾਵਤੀ ਸੁਰ ਉਠਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਕਾਂਗਰਸ ਦੇ ਵਿਧਾਇਕ ਕੁਲਬੀਰ ਜ਼ੀਰਾ ਅਤੇ ਵਰਿੰਦਰਮੀਤ ਸਿੰਘ ਪਾਹੜਾ ਨੇ ਸਿੱਧੂ ਦੇ ਰਵੱਈਏ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਸਿੱਧੂ ਦੇ ਮੁੱਦੇ ਹਨ ਪਰ ਉਨ੍ਹਾਂ ਨੂੰ ਪਾਰਟੀ ਪੱਧਰ ’ਤੇ ਗੱਲ ਰੱਖਣੀ ਚਾਹੀਦੀ ਹੈ। ਇਹ ਦੋਵੇਂ ਵਿਧਾਇਕ ਉਹੀ ਹਨ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਤਖ਼ਤਾ ਪਲਟ ਦੌਰਾਨ ਬਾਗੀ ਗਰੁੱਪ ਦੇ ਨਾਲ ਸਨ। ਦਰਅਸਲ ਸਿੱਧੂ ਖ਼ਿਲਾਫ਼ ਆਵਾਜ਼ ਉਦੋਂ ਉੱਠੀ ਜਦੋਂ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ’ਤੇ ਹਮਲਾ ਬੋਲਿਆ ਅਤੇ ਕਿਹਾ ਕਿ ਜਦੋਂ ਜਾਖੜ ਪ੍ਰਧਾਨ ਸਨ ਤਾਂ ਉਨ੍ਹਾਂ ਕੋਈ ਮੁੱਦਾ ਨਹੀਂ ਚੁੱਕਿਆ। ਇਸ ’ਤੇ ਜਾਖੜ ਨੇ ਸ਼ਾਇਰਾਨਾ ਅੰਦਾਜ਼ ਵਿਚ ਸਿੱਧੂ ਨੂੰ ਨਿਸ਼ਾਨੇ ’ਤੇ ਲਿਆ। ਇਸ ਸਭ ਦਰਮਿਆਨ ਵਿਧਾਇਕ ਕੁਲਬੀਰ ਜ਼ੀਰਾ ਨੇ ਕਿਹਾ ਕਿ ਸਿੱਧੂ ਦੀ ਗੱਲ ਸਹੀ ਹੈ ਕਿ ਲੋਕ ਸਵਾਲ ਕਰਦੇ ਹਨ ਪਰ ਜੇ ਗੱਲ ਕਰਨੀ ਹੈ ਤਾਂ ਸਿੱਧੂ ਨੂੰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਇਸ ਦਾ ਹੱਲ ਆਪਸ ਵਿਚ ਬੈਠ ਕੇ ਕੱਢਿਆ ਜਾ ਸਕਦਾ ਹੈ। ਉਧਰ ਗੁਰਦਾਸਪੁਰ ਤੋਂ ਕਾਂਗਰਸ ਦੇ ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਸਿੱਧੂ ਦੀ ਰਿਪੋਰਟ ਖੋਲ੍ਹਣ ਦੀ ਗੱਲ ਸਹੀ ਹੈ। ਅਸੀਂ ਸਭ ਵੀ ਉਸੇ ’ਤੇ ਲੱਗੇ ਹੋਏ ਹਾਂ। ਸਿੱਧੂ ਪਾਰਟੀ ਪ੍ਰਧਾਨ ਹਨ ਅਤੇ ਆਪਣੇ ਢੰਗ ਨਾਲ ਸਰਕਾਰ ’ਤੇ ਦਬਾਅ ਪਾ ਰਹੇ ਹਨ। ਮੈਨੂੰ ਲੱਗਦਾ ਹੈ ਕਿ ਸਿੱਧੂ ਨੂੰ ਪਾਰਟੀ ਪਲੇਟਫਾਰਮ ’ਤੇ ਗੱਲ ਕਰਨੀ ਚਾਹੀਦੀ ਹੈ।

You must be logged in to post a comment Login