‘ਗਰੀਬ ਦੀ ਆਵਾਜ਼’ ਵੈਲਫੇਅਰ ਸੁਸਾਇਟੀ ਵਲੋਂ ਕੂੜਾ-ਕਰਕਟ ਚੁੱਕੇ ਜਾਣ ਦੀ ਮੰਗ
ਪਟਿਆਲਾ, 9 ਜਨਵਰੀ (ਕੰਬੋਜ)-ਲੋੜਵੰਦਾਂ ਦੀ ਸਹਾਇਤਾ ਲਈ ਯਤਨਸ਼ੀਲ ‘ਗਰੀਬ ਦੀ ਆਵਾਜ਼’ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਵਾਲਮੀਕਿ ਵਲੋਂ ਨਾਭਾ ਰੋਡ ’ਤੇ ਪੈਂਦੇ ਪਿੰਡ ਨਵੀਂ ਰੋਣੀ ਵਿਖੇ ਮੁੱਖ ਰਸਤੇ ’ਤੇ ਲੱਗੇ ਕੂੜੇ ਕਰਕਟ ਤੇ ਗੰਦਗੀ ਦੇ ਢੇਰਾਂ ਨੂੰ ਚੁੱਕਣ ਦੀ ਮੰਗ ਸਰਕਾਰ ਤੋਂ ਕੀਤੀ। ਇਸ ਮੌਕੇ ਪ੍ਰਧਾਨ ਸੰਦੀਪ ਸਿੰਘ ਬਾਲਮੀਕਿ ਨੇ ਕਿਹਾ ਕਿ ਇਨ੍ਹਾਂ ਗੰਦਗੀ ਦੇ ਢੇਰਾਂ ਕਾਰਨ ਸਥਾਨਕ ਪਿੰਡ ਵਾਸੀ ਕਾਫੀ ਪ੍ਰੇਸ਼ਾਨ ਹਨ, ਜਿਸ ਕਾਰਨ ਕਈ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਤਾਂ ਪਹਿਲਾਂ ਹੀ ਵੱਡੀ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ਤੇ ਇਹ ਕੂੜੇ ਦੇੇ ਢੇਰ ਸ਼ਰੇਆਮ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਪ੍ਰਧਾਨ ਸੰਦੀਪ ਵਾਲਮੀਕਿ ਨੇ ਪੰਚਾਇਤ ਵਿਭਾਗ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਥੇ ਹੁਣ ਸਾਰੇ ਭਾਰਤ ਵਿਚ ਸਰਕਾਰ ਵਲੋਂ ਸਵੱਛਤਾ ਦੇ ਨਾਮ ’ਤੇ ਸਵੱਛ ਭਾਰਤ ਮਿਸ਼ਨ ਚਲਾਇਆ ਜਾ ਰਿਹਾ ਹੈ, ਉਥੇ ਇਹ ਕੂੜੇ ਦੇ ਢੇਰ ਇਸ ਮੁਹਿੰਮ ਦੇ ਬਿਲਕੁਲ ਉਲਟ ਸੰਦੇਸ਼ ਦੇ ਰਹੇ ਹਨ। ਇਸ ਲਈ ਇਹ ਕੂੜੇ ਦੇ ਢੇਰ ਜਲਦ ਤੋਂ ਜਲਦ ਚੁਕਵਾਏ ਜਾਣ। ਉਨ੍ਹਾਂ ਪਿੰਡ ਦੀ ਪੰਚਾਇਤ ਅਤੇ ਸਰਪੰਚ ਨੂੰ ਵੀ ਬੇਨਤੀ ਕੀਤੀ ਕਿ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਚੁੱਕਵਾਉਣ ਦੇ ਉਪਰਾਲੇ ਕੀਤੇ ਜਾਣ, ਤਾਂ ਜੋ ਇਥੋਂ ਦੇ ਲੋਕ ਸੁਖ ਦਾ ਸਾਹ ਲੈ ਸਕਣ। ਸੰਦੀਪ ਸਿੰਘ ਨੇ ਕਿਹਾ ਕਿ ਗਰੀਬ ਦੀ ਆਵਾਜ਼ ਇਹ ਸਮਾਜਿਕ ਸੰਸਥਾ ਹੈ ਜੋ ਕਿ ਗਰੀਬਾਂ ਤੇ ਹਰ ਲੋੜਵੰਦਾਂ ਦੀ ਸਹਾਇਤਾ ਲਈ ਹਰ ਸਮੇਂ ਹਾਜ਼ਰ ਹੈ। ਇਸ ਮੌਕੇ ਨੰਬਰਦਾਰ ਧਰਮਿੰਦਰ ਸਿੰਘ ਆਸੇਮਾਜਰਾ, ਬਲਵੰਤ ਸਿੰਘ ਰੌਣੀ, ਕਿਰਤ ਰੌਣੀ ਆਦਿ ਹਾਜ਼ਰ ਸਨ।
You must be logged in to post a comment Login