ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹਮਲਾਵਰ ਰੁਖ ਅਪਨਾਉਣ ਵਾਲੀ ਵਿਰੋਧੀ ਧਿਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿੰਤੂ-ਪ੍ਰੰਤੂ ਕੀਤਾ ਹੈ। ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਨ ‘ਤੇ ਚਰਚਾ ਦੌਰਾਨ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸਿਰਫ਼ ਸੀਏਏ ਬਾਰੇ ਹੀ ਗੱਲ ਕਰ ਰਹੀ ਹੈ ਜਦਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਹੁਣ ਘੱਟ ਗਿਣਤੀਆਂ ਨਾਲ ਧੱਕੇ ਦੀਆਂ ਗੱਲਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਉਸ ਸਮੇਂ ਕਿੱਥੇ ਸਨ ਜਦੋਂ 1984 ਵਿਚ ਦਿੱਲੀ ਵਿਖੇ ਘੱਟ ਗਿਣਤੀਆਂ ਦਾ ਕਮਲੇਆਮ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਲੋਕ ਸਿਰਫ਼ ਗੱਲਾਂ ਕਰਨ ਤਕ ਹੀ ਸੀਮਤ ਹਨ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ‘ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਖੇ 11 ਲੱਖ ਨੌਕਰੀਆਂ ਦੇਣ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਨੂੰ ਸਿਰਫ਼ 11 ਹਜ਼ਾਰ ਨੌਕਰੀਆਂ ਸਬੰਧੀ ਹੀ ਦੱਸ ਦੇਣ, ਜੋ ਉਨ੍ਹਾਂ ਵਲੋਂ ਦਿਤੀਆਂ ਗਈਆਂ ਹਨ। ਕਾਬਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਨਾਗਰਿਕਤਾ ਸੋਧ ਕਾਨੂੰਨ ਬਾਰੇ ਪਹਿਲਾਂ ਵੀ ਸਟੈਂਡ ਬਦਲੇ ਜਾਂਦੇ ਰਹੇ ਹਨ। ਸੰਸਦ ਵਿਚ ਇਸ ਕਾਨੂੰਨ ਦੇ ਹੱਕ ਵਿਚ ਭੁਗਤਣ ਦੇ ਬਾਵਜੂਦ ਅਕਾਲੀ ਦਲ ਦੇ ਆਗੂ ਜਨਤਕ ਤੌਰ ‘ਤੇ ਇਸ ਦਾ ਵਿਰੋਧ ਕਰ ਚੁੱਕੇ ਹਨ। ਇਸ ਨੂੰ ਲੈ ਕੇ ਸ਼੍ਰ੍ਰੋਮਣੀ ਅਕਾਲੀ ਦਲ ਨੂੰ ਵਿਰੋਧੀਆਂ ਦੀ ਮੁਖਾਲਫਤ ਦਾ ਸਾਹਮਣਾ ਵੀ ਕਰਨਾ ਪਿਆ ਸੀ। ਹੁਣ ਪਾਰਟੀ ਦੇ ਸੰਸਦ ਮੈਂਬਰ ਵਲੋਂ ਸੀਏਏ ਦੇ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲੈਣ ਬਾਅਦ ਅਕਾਲੀ ਦਲ ‘ਤੇ ਵੀ ਉਂਗਲ ਉਠਣੀ ਤੈਅ ਹੈ।

You must be logged in to post a comment Login