ਨਾਟੋ ਮੁਖੀ ਦੀ ਭਾਰਤ, ਚੀਨ ਤੇ ਬ੍ਰਾਜ਼ੀਲ ਨੂੰ ਚੇਤਾਵਨੀ

ਨਾਟੋ ਮੁਖੀ ਦੀ ਭਾਰਤ, ਚੀਨ ਤੇ ਬ੍ਰਾਜ਼ੀਲ ਨੂੰ ਚੇਤਾਵਨੀ

ਵਾਸ਼ਿੰਗਟਨ, 16 ਜੁਲਾਈ : ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਕਿ ਭਾਰਤ, ਬ੍ਰਾਜ਼ੀਲ ਤੇ ਚੀਨ ਵਰਗੇ ਮੁਲਕ ਜੇਕਰ ਰੂਸ ਨਾਲ ਕਾਰੋਬਾਰ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੂਟੇ ਨੇ ‘ਬ੍ਰਿਕਸ’ ਸਮੂਹ ’ਚ ਸ਼ਾਮਲ ਇਨ੍ਹਾਂ ਮੁਲਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਪੂਤਿਨ ਨੂੰ ਸ਼ਾਂਤੀ ਵਾਰਤਾ ਲਈ ਸੰਜੀਦਾ ਹੋਣ ਵਾਸਤੇ ਕਹਿਣ ਜਾਂ ਫਿਰ ਰੂਸ ਸਖ਼ਤ ਪਾਬੰਦੀਆਂ ਲਈ ਤਿਆਰ ਰਹੇ।ਰੂਟੇ ਨੇ ਇਹ ਟਿੱਪਣੀ ਅਮਰੀਕੀ ਕਾਂਗਰਸ ਵਿੱਚ ਸੈਨੇਟਰਾਂ ਨਾਲ ਮੁਲਾਕਾਤ ਦੌਰਾਨ ਕੀਤੀ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਲਈ ਨਵੇਂ ਹਥਿਆਰਾਂ ਦਾ ਐਲਾਨ ਕੀਤਾ ਅਤੇ 50 ਦਿਨਾਂ ਵਿੱਚ ਸ਼ਾਂਤੀ ਸਮਝੌਤਾ ਨਾ ਹੋਣ ’ਤੇ ਰੂਸੀ ਬਰਾਮਦਾਂ ਦੇ ਖਰੀਦਦਾਰਾਂ ’ਤੇ 100 ਫੀਸਦ ਸੈਕੰਡਰੀ ਟੈਰਿਫ ਲਾਉਣ ਦੀ ਧਮਕੀ ਦਿੱਤੀ। ਰੂਟੇ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਨ੍ਹਾਂ ਤਿੰਨਾਂ ਦੇਸ਼ਾਂ ਨੂੰ ਮੇਰੀ ਸਲਾਹ ਹੈ, ਖਾਸ ਕਰਕੇ, ਜੇਕਰ ਤੁਸੀਂ ਹੁਣ ਬੀਜਿੰਗ ਵਿੱਚ ਰਹਿੰਦੇ ਹੋ, ਜਾਂ ਦਿੱਲੀ ਵਿੱਚ, ਜਾਂ ਤੁਸੀਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਹੋ, ਤਾਂ ਤੁਸੀਂ ਇਸ ’ਤੇ ਇੱਕ ਨਜ਼ਰ ਮਾਰਨਾ ਚਾਹੋਗੇ, ਕਿਉਂਕਿ ਇਹ ਤੁਹਾਨੂੰ ਅਸਰਅੰਦਾਜ਼ ਕਰ ਸਕਦਾ ਹੈ।’’

You must be logged in to post a comment Login