ਨਿਊਜ਼ੀਲੈਂਡ ‘ਚ ਲੁਧਿਆਣਾ ਦੇ ਗੁਰਜੀਤ ਸਿੰਘ ਦੇ ਕਤਲ ਮਾਮਲੇ ‘ਚ ਇੱਕ ਮੁਲਜ਼ਮ ਕਾਬੂ

ਨਿਊਜ਼ੀਲੈਂਡ ‘ਚ ਲੁਧਿਆਣਾ ਦੇ ਗੁਰਜੀਤ ਸਿੰਘ ਦੇ ਕਤਲ ਮਾਮਲੇ ‘ਚ ਇੱਕ ਮੁਲਜ਼ਮ ਕਾਬੂ

ਡੁਨੇਡਿਨ- ਨਿਊਜ਼ੀਲੈਂਡ ‘ਚ ਲੁਧਿਆਣਾ ਦੇ 28 ਸਾਲਾ ਗੁਰਜੀਤ ਸਿੰਘ ਦੇ ਕਤਲ ਦੇ ਸਬੰਧ ਵਿਚ ਇੱਕ 33 ਸਾਲਾ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਰਜੀਤ ਸਿੰਘ ਦਾ 29 ਜਨਵਰੀ ਨੂੰ ਨਿਊਜ਼ੀਲੈਂਡ ਦੇ ਡੁਨੇਡਿਨ ਵਿੱਚ ਉਸਦੇ ਘਰ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ। ਗੁਰਜੀਤ ਸਿੰਘ ਸਟੱਡੀ ਵੀਜ਼ੇ ‘ਤੇ 2015 ਤੋਂ ਨਿਊਜ਼ੀਲੈਂਡ ਵਿਚ ਰਹਿ ਰਿਹਾ ਸੀ ਅਤੇ ਇਕ ਟੈਲੀਕਾਮ ਕੰਪਨੀ ਕੋਰਸ ਵਿੱਚ ਟੈਕਨੀਸ਼ੀਅਨ ਵਜੋਂ ਕੰਮ ਕਰਦਾ ਸੀ। ਪੁਲਸ ਨੇ ਖੁਲਾਸਾ ਕੀਤਾ ਹੈ ਕਿ ਇੱਕ 33 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ‘ਤੇ ਸਿੰਘ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਅੱਜ ਬਾਅਦ ਵਿੱਚ ਡੁਨੇਡਿਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਪੁਲਸ ਨੇ ਮੁਲਜ਼ਮ ਨਾਲ ਸਬੰਧਤ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ਼ੁਰੂਆਤੀ ਤੌਰ ‘ਤੇ ਪੁਲਸ ਗੁਰਜੀਤ ਦੇ ਕਤਲ ਦਾ ਕਾਰਨ ਨਹੀਂ ਸਮਝ ਸਕੀ ਸੀ ਪਰ ਪੋਸਟ-ਪਾਰਟਮ ਰਿਪੋਰਟ ਤੋਂ ਪਤਾ ਲੱਗਾ ਸੀ ਕਿ ਉਸ ਦਾ ਕਤਲ ਕਿਸੇ ਤਿੱਖੀ ਚੀਜ਼ ਨਾਲ ਕੀਤਾ ਗਿਆ ਹੈ। ਸੋਮਵਾਰ ਨੂੰ ਡੁਨੇਡਿਨ ਪਹੁੰਚੇ ਗੁਰਜੀਤ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਹ ਸੰਤੁਸ਼ਟ ਨਹੀਂ ਹੋਣਗੇ। ਜ਼ਿਕਰਯੋਗ ਹੈ ਕਿ ਗੁਰਜੀਤ ਦਾ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ ਪਤਨੀ ਨੇ 6 ਫਰਵਰੀ ਦੀ ਫਲਾਈਟ ਜ਼ਰੀਏ ਨਿਊਜ਼ੀਲੈਂਡ ਪਹੁੰਚਣਾ ਸੀ। ਗੁਰਜੀਤ ਦੀ ਲਾਸ਼ ਉਸ ਦੇ ਦੋਸਤ ਨੂੰ ਸਵੇਰੇ 8:30 ਵਜੇ ਦੇ ਕਰੀਬ ਉਸ ਸਮੇਂ ਮਿਲੀ, ਜਦੋਂ ਉਹ ਉਸ ਨੂੰ ਮਿਲਣ ਗਿਆ। ਅਸਲ ਵਿਚ ਗੁਰਜੀਤ ਦੀ ਪਤਨੀ ਨੇ ਉਸ ਨੂੰ ਫ਼ੋਨ ਕਰਕੇ ਚਿੰਤਾ ਜ਼ਾਹਰ ਕੀਤੀ ਸੀ ਕਿ ਉਸ ਨਾਲ ਸੰਪਰਕ ਨਹੀਂ ਹੋ ਰਿਹਾ ਹੈ।

You must be logged in to post a comment Login